Three-time Asian : ਪਟਿਆਲਾ : ਐਥਲੀਟ ਮਨਦੀਪ ਕੌਰ ਚੀਮਾ ਨੂੰ ਪੰਜਾਬ ਪੁਲਿਸ ਨੇ ਡੀ. ਐੱਸ. ਪੀ. ਵਜੋਂ ਨਿਯੁਕਤ ਕੀਤਾ ਹੈ। ਮਨਦੀਪ ਕੌਰ ਜਿਲ੍ਹਾ ਤਰਨਤਾਰਨ ਦੇ ਪਿੰਡ ਚੀਮਾ ਖੁਰਦ ਦੀ ਰਹਿਣ ਵਾਲੀ ਹੈ। ਉਥੇ ਹੀ ਉਸ ਦਾ ਪਾਲਣ ਪੋਸ਼ਣ ਹੋਇਆ ਤੇ ਉਹ ਵੱਡੀ ਹੋਈ। ਉਹ ਤਿੰਨ ਵਾਰ ਏਸ਼ੀਅਨ ਖੇਡਾਂ ‘ਚ ਸੋਨ ਤਮਗਾ ਜਿੱਤ ਚੁੱਕੀ ਹੈ। ਮਨਦੀਪ ਕੌਰ ਨੇ ਕੋਚ ਬਲਜਿੰਦਰ ਕੌਰ ਕੈਰੋਂ ਤੋਂ ਆਪਣੇ ਖੇਡ ਸਫਰ ਦੀ ਸ਼ੁਰੂਆਤ ਕੀਤੀ ਸੀ ਤੇ ਉਹ ਕਾਫੀ ਲੰਬੇ ਸਮੇਂ ਤੋਂ ਪਟਿਆਲਾ ‘ਚ ਵੀ ਆਪਣੀਆਂ ਖੇਡ ਸੇਵਾਵਾਂ ਦੇ ਰਹੀ ਹੈ।
ਮਨਦੀਪ ਕੌਰ ਨੇ ਆਪਣੇ ਖੇਡ ਸਫਰ ਦੌਰਾਨ ਹੁਣ ਤਕ 28 ਤਮਗੇ ਜਿੱਤੇ ਹਨ । ਉਹ 400 ਮੀਟਰ ਦੌੜ ਦੀ ਮਾਹਰ ਐਥਲੀਟ ਹੈ। ਉਸ ਦੇ ਆਪਣੇ ਖੇਡ ਜੀਵਨ ਵਿਚ ਬਹੁਤ ਸਾਰੇ ਉਤਰਾਅ ਚੜਾਅ ਆਏ ਪਰ ਫਿਰ ਵੀ ਆਪਣੀ ਸਖਤ ਮਿਹਨਤ ਸਦਕਾ ਉਸ ਨੇ ਆਪਣੇ ਆਪ ਨੂੰ ਚੰਗੀ ਐਥਲੀਟ ਸਾਬਤ ਕੀਤਾ ਅਤੇ ਆਪਣੀਆਂ ਖੇਡ ਸੇਵਾਵਾਂ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ। ਮਨਦੀਪ ਕੌਰ ਤਿੰਨ ਵਾਰ ਏਸ਼ੀਅਨ ਖੇਡਾਂ ‘ਚ ਸੋਨ ਤਮਗੇ, ਏਸ਼ੀਅਨ ਚੈਂਪੀਅਸ਼ਿਪਾਂ ‘ਚ ਤਮਗੇ ਤੇ ਰਾਸ਼ਟਰਮੰਡਲ ਖੇਡਾਂ ‘ਚ ਵੀ ਸੋਨ ਤਮਗੇ ਜਿੱਤ ਚੁੱਕੀ ਹੈ। ਉਹ ਹੁਣ ਤਕ 26 ਸੋਨ ਤਮਗੇ ਜਿੱਤੇ ਚੁੱਕੀ ਹੈ।
ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਜਿਲ੍ਹਾ ਖੇਡ ਅਫਸਰ ਕੁਲਵਿੰਦਰ ਕੌਰ, ਡੀ.ਐਸ.ਓ. ਹਰਪਿੰਦਰ ਸਿੰਘ ਗੱਗੀ (ਮਨਦੀਪ ਕੌਰ ਦੇ ਪਤੀ), ਪ੍ਰੋ. ਸੁਰਿੰਦਰ ਮੰਡ, ਕੋਚ ਸਰੂਪ ਸਿੰਘ ਕੈਰੋਂ ਤੇ ਕੋਚ ਬਲਜਿੰਦਰ ਸਿੰਘ ਕੈਰੋਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਮਨਦੀਪ ਕੌਰ ਨੂੰ ਡੀ.ਐਸ.ਪੀ. ਨਿਯੁਕਤ ਕਰਨ ‘ਤੇ ਧੰਨਵਾਦ ਕੀਤਾ ਹੈ।