Tragic accident at : ਜਲੰਧਰ : ਬੀਤੀ ਰਾਤ ਤੇਜ਼ ਰਫਤਾਰ ਕਾਰ ਬਿਜਲੀ ਦੇ ਇੱਕ ਖੰਭੇ ਨਾਲ ਜਾ ਟਕਰਾਈ ਪਰ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ ਜਦੋਂ ਕਿ ਤੀਜੇ ਸਾਥੀ ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਨ। ਸਾਰੇ ਜਨਮ ਦਿਨ ਦੀ ਪਾਰਟੀ ਸੈਲੀਬ੍ਰੇਸ਼ਨ ਤੋਂ ਵਾਪਸ ਪਰਤ ਰਹੇ ਸਨ। ਮਰਨ ਵਾਲਿਆਂ ਵਿੱਚ ਇੱਕ ਹੋਟਲ ਮਾਲਕ ਦਾ ਪੁੱਤਰ ਵੀ ਸੀ।
ਹਾਦਸਾ ਲਗਭਗ ਰਾਤ ਨੂੰ 3 ਵਜੇ ਨਕੋਦਰ ਰੋਡ ‘ਤੇ ਆਰ. ਕੇ. ਢਾਬੇ ਕੋਲ ਵਾਪਰਿਆ। ਮਾਰੇ ਗਏ ਨੌਜਵਾਨਾਂ ਦੀ ਪਛਾਣ ਮਧੂਬਣ ਕਾਲੋਨੀ ਦੇ 28 ਸਾਲਾ ਅਮਿਤ ਚੌਹਾਨ ਅਤੇ ਕਮਲ ਵਿਹਾਰ ਬਸਤੀ ਪੀਰਦਾਦ ਦੇ 23 ਸਾਲਾ ਜਸਪ੍ਰੀਤ ਜੱਸਾ ਦੇ ਰੂਪ ਵਿੱਚ ਹੋਈ ਹੈ। ਅਮਿਤ ਚੌਹਾਨ ਹੋਟਲ ਸੰਚਾਲਕ ਬਲਦੇਵ ਚੌਹਾਨ ਦਾ ਪੁੱਤਰ ਸੀ। ਉਹ ਨਾਮਦੇਵ ਚੌਕ ‘ਤੇ ਸਥਿਤ ਹੋਟਲ ਸੇਖੋਂ ਗ੍ਰੈਂਡ ਕਿਰਾਏ ‘ਤੇ ਲੈ ਕੇ ਚਲਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਅਮਿਤ ਅਤੇ ਉਸ ਦਾ ਸਾਥੀ ਜੱਸਾ ਸ਼ਰਾਬ ਦੇ ਨਸ਼ੇ ਵਿੱਚ ਸਨ ਅਤੇ ਪਾਰਟੀ ਤੋਂ ਪਰਤ ਕੇ ਸਿਗਰਟ ਲੈਣ ਜਾ ਰਹੇ ਸਨ। ਕਾਰ ਨੂੰ ਜੱਸਾ ਚਲਾ ਰਿਹਾ ਸੀ। ਨਕੋਦਰ ਰੋਡ ‘ਤੇ ਆਰ. ਕੇ. ਢਾਬੇ ਕੋਲ ਤੇਜ਼ ਰਫਤਾਰ ਕਾਰ ਦੇ ਖੰਭੇ ਵਿੱਚ ਜਾ ਟਕਰਾਈ। ਹਾਦਸੇ ‘ਚ ਵਿਚਲੀ ਸੀਟ ‘ਤੇ ਬੈਠੇ ਅਮਿਤ ਅਤੇ ਕਾਰ ਚਲਾ ਰਹੇ ਜਸਪ੍ਰੀਤ ਜੱਸਾ ਦੀ ਮੌਤ ਹੋ ਗਈ ਜਦੋਂ ਕਿ ਪਿਛਲੀ ਸੀਟ ‘ਤੇ ਬੈਠਾ ਦੋਸਤ ਜ਼ਖਮੀ ਹੋ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਕਾਰ ‘ਚੋਂ ਨੌਜਵਾਨਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਬਾਹਰ ਕੱਢਿਆ, ਜੋ ਖੂਨ ਨਾਲ ਲੱਥਪੱਥ ਸਨ। ਹਸਪਤਾਲ ਲੈ ਜਾਂਦੇ ਸਮੇਂ ਦੋਵਾਂ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਤੀਜੇ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।