Two assistant sub-inspectors : ਮੋਹਾਲੀ : ਇਕ ਪਾਸੇ ਜਿਥੇ ਕੋਵਿਡ-19 ਦੌਰਾਨ ਪੁਲਿਸ ਮੁਲਾਜ਼ਮਾਂ ਵਲੋਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀਆਂ ਨੂੰ ਨਿਭਾਇਆ ਜਾ ਰਿਹਾ ਹੈ ਉਥੇ ਦੂਜੇ ਪਾਸੇ ਕਈ ਅਜਿਹੇ ਪੁਲਿਸ ਮੁਲਾਜ਼ਮ ਵੀ ਹਨ ਜੋ ਆਪਣੀ ਇਸ ਵਰਦੀ ਦਾ ਗਲਤ ਇਸਤੇਮਾਲ ਕਰਕੇ ਸੁਰਖੀਆਂ ਬਟੋਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਮੋਹਾਲੀ ਵਿਖੇ ਸਾਹਮਣੇ ਆਇਆ ਹੈ ਜਿਥੇ 3B1 ਫੇਜ਼ ‘ਚ ਪੁਲਿਸ ਮੁਲਾਜ਼ਮਾਂ ਵੱਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਅਤੇ ਦੁੱਧ ਦਾ ਕਰੇਟ ਚੁੱਕ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਘਟਨਾ ਬਜ਼ਾਰ ‘ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ ਹੈ। ਇਸ ‘ਤੇ ਐਸਐਸਪੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੀਸੀਆਰ ਡਿਊਟੀ ’ਤੇ ਤਾਇਨਾਤ ਇਕੋ ਨਾਂ (ਜਸਵੀਰ ਸਿੰਘ) ਦੇ ਦੋ ਸਹਾਇਕ ਸਬ ਇੰਸਪੈਰਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਮਾਰਕੀਟ ਦੇ ਕਾਰਜਕਾਰੀ ਪ੍ਰਧਾਨ ਰਤਨ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ ਸਾਢੇ 5 ਵਜੇ ਪੀਸੀਆਰ ਦੀ ਗੱਡੀ ਮਾਰਕੀਟ ਦੇ ਬਾਹਰ ਆ ਕੇ ਰੁਕੀ, ਜਿਸ ‘ਚ ਦੋ ASI ਸਵਾਰ ਸਨ। ਇਕ ਥਾਣੇਦਾਰ ਨੇ ਵਰਦੀ ਦਾ ਕਥਿਤ ਰੋਹਬ ਝਾੜਦਿਆਂ ਜ਼ਬਰਦਸਤੀ ਦੁਕਾਨਾਂ ਬੰਦ ਕਰਨ ਲਈ ਆਖਦਿਆਂ ਦੁਕਾਨਾਂ ਦੇ ਅੱਗੇ ਪਿਆ ਸਾਮਾਨ ਚੁੱਕ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਪੰਜਾਬ ਸਰਕਾਰ ਦੇ ਹੁਕਮਾਂ ਵਿੱਚ ਸਾਫ਼ ਲਿਖਿਆ ਹੋਇਆ ਸੀ ਕਿ ਕੈਮਿਸਟ, ਕਰਿਆਨਾ ਅਤੇ ਕਨਫੈਕਸ਼ਨਰੀ ਦੀਆਂ ਦੁਕਾਨਾਂ ਸ਼ਾਮ ਸੱਤ ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ। ਪਰ ਇਸ ਦੇ ਬਾਵਜੂਦ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਦੁਕਾਨਦਾਰਾਂ ਦੀ ਇਕ ਨਾ ਸੁਣੀ। ਇਸ ਦੌਰਾਨ ASI ਨੇ ਅੰਕੁਸ਼ ਕਰਿਆਨਾ ਸਟੋਰ ਦੇ ਬਾਹਰੋਂ ਦੁੱਧ ਦਾ ਕਰੇਟ ਚੁੱਕ ਕੇ ਪੀਸੀਆਰ ਗੱਡੀ ਵਿੱਚ ਰੱਖ ਲਿਆ ਅਤੇ ਦੁਕਾਨਦਾਰਾਂ ਨੂੰ ਵੀ ਗਲਤ ਬੋਲਿਆ।
ਪੀਸੀਆਰ ਡਿਊਟੀ ’ਤੇ ਤਾਇਨਾਤ ਦੋਵੇਂ ਏਐਸਆਈ ਜਿੰਨ੍ਹਾਂ ਦਾ ਨਾਂਅ ਜਸਵੀਰ ਸਿੰਘ ਹੈ, ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਜ਼ਿਲ੍ਹੇ ‘ਚ ਸਮੂਹ ਪੁਲਿਸ ਮੁਲਾਜ਼ਮਾਂ ਖਾਸ ਕਰਕੇ ਪੀਸੀਆਰ ਜਵਾਨਾਂ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਜੇਕਰ ਦੁਬਾਰਾ ਅਜਿਹੀ ਕੋਈ ਘਟਨਾ ਵਾਪਰੀ ਤਾਂ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਮੁਆਫ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।