Unique protest by : ਫਿਰੋਜ਼ਪੁਰ ਵਿਖੇ ਸਿਹਤ ਵਿਭਾਗ ਦੇ ਅਸਥਾਈ ਮੁਲਾਜ਼ਮਾਂ ਨੇ ਸੋਮਵਾਰ ਨੂੰ ਅਨੋਖਾ ਵਿਰੋਧ ਪ੍ਰਦਰਸ਼ਨ ਕੀਤਾ। ਸਫੈਦ ਰੰਗ ਦਾ ਕੋਟ ਪਹਿਨ ਕੇ, ਹੱਥਾਂ ‘ਚ ਦਸਤਾਨੇ, ਚਿਹਰੇ ‘ਤੇ ਮਾਸਕ ਪਹਿਨ ਕੇ ਤੇ ਦੂਜੇ ਹਰ ਤਰ੍ਹਾਂ ਦੇ ਅਹਿਤਿਆਤੀ ਇੰਤਜ਼ਾਮ ਨਾਲ ਇਨ੍ਹਾਂ ਨੂੰ ਅੱਜ ਸ਼ਹਿਰ ਦੀਆਂ ਸੜਕਾਂ ‘ਤੇ ਰੇਹੜੀ ‘ਤੇ ਭੁੱਟੇ ਵੇਚਦੇ ਹੋਏ ਦੇਖਿਆ ਗਿਆ। ਉਹ ਲੋਕਾਂ ਨੂੰ ਛੱਲੀ ਲੈਣ ਲਈ ਆਵਾਜ਼ਾਂ ਲਗਾ ਰਹੇ ਸਨ ਤੇ ਕਹਿ ਰਹੇ ਸਨ ਕਿ ਜੇਕਰ ਤੁਸੀਂ ਸਾਡੇ ਕੋਲੋਂ ਛੱਲੀ ਖਰੀਦੋਗੇ ਤਾਂ ਅਸੀਂ ਉਸ ਤੋਂ ਕਮਾਏ ਪੈਸਿਆਂ ਨੂੰ ਸਰਕਾਰੀ ਖਜ਼ਾਨੇ ‘ਚ ਜਮ੍ਹਾ ਕਰਵਾ ਦੇਵਾਂਗੇ ਜਿਸ ਨਾਲ ਸ਼ਾਇਦ ਸਾਡੀ ਨੌਕਰੀ ਪੱਕੀ ਹੋ ਜਾਵੇ ਕਿਉਂਕਿ ਸਰਕਾਰ ਦਾ ਖਜਾਨਾ ਖਾਲੀ ਹੈ ਤੇ ਹੋ ਸਕਦੈ ਹੈ ਕਿ ਇਸ ਤਰ੍ਹਾਂ ਸਰਕਾਰ ਦਾ ਖਜ਼ਾਨਾ ਭਰ ਜਾਵੇ ਤੇ ਉਹ ਸਾਨੂੰ ਵੀ ਪੱਕਿਆਂ ਕਰ ਦੇਵੇ। ਇਸ ਤਰ੍ਹਾਂ ਮੁਲਾਜ਼ਮਾਂ ਵਲੋਂ ਅਨੋਖੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਗ੍ਰਾਮੀਣ ਹੈਲਥ ਸੈਂਟਰ ‘ਚ ਕੰਮ ਕਰ ਰਹੇ ਅਸਥਾਈ ਕਰਮਚਾਰੀ ਫਾਰਮਾਸਿਸਟ ਤੇ ਦਰਜਾ ਚਾਰ ਕਰਮਚਾਰੀ ਪਿਛਲੇ 14 ਸਾਲ ਤੋਂ ਬਹੁਤ ਘੱਟ ਤਨਖਾਹ ‘ਤੇ ਕੰਮ ਕਰ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਭੁੱਟੇ ਦੀ ਰੇਹੜੀ ਲਗਾਈ ਤੇ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ। ਉਨ੍ਹਾਂ ਦੱਸਿਆ ਕਿ ਉਹ ਲਗਭਗ 14-15 ਸਾਲਾਂ ਤੋਂ ਬਹੁਤ ਘੱਟ ਤਨਖਾਹ ‘ਤੇ ਕੰਮ ਕਰ ਰਹੇ ਹਨ ਤੇ ਕੋਰੋਨਾ ਮਹਾਮਾਰੀ ਦੌਰਾਨ ਵੀ ਉਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫਰੰਟ ਲਾਈਨ ‘ਤੇ ਡਿਊਟੀ ਨਿਭਾਈ ਪਰ ਫਿਰ ਵੀ ਸਰਕਾਰ ਉਨ੍ਹਾਂ ਦੇ ਹੱਕ ਵਿਚ ਫੈਸਲੇ ਨਹੀਂ ਸੁਣਾ ਰਹੀ। ਪ੍ਰਦਰਸ਼ਨਕਾਰੀਆਂ ਮੁਤਾਬਕ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਖਜ਼ਾਨਾ ਖਾਲੀ ਹੈ ਤੇ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਸਕਦੀ ਇਸ ਲਈ ਹੁਣ ਉਨ੍ਹਾਂ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਹੈ ਤਾਂ ਜੋ ਉਹ ਇਸ ਕਮਾਈ ਨਾਲ ਸਰਕਾਰੀ ਖਜ਼ਾਨੇ ਨੂੰ ਭਰ ਸਕਣ ਤੇ ਉਨ੍ਹਾਂ ਨੂੰ ਨੌਕਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਭੁੱਟੇ ਵੇਚੇ ਹਨ ਤੇ ਜੇਕਰ ਲੋੜ ਪਈ ਤਾਂ ਬੂਟ ਪਾਲਿਸ਼ ਕਰਕੇ ਵੀ ਪੈਸੇ ਇਕੱਠੇ ਕਰਾਂਗੇ।