Vigilance raids Corona’s : ਕੋਰੋਨਾ ਮਹਾਂਮਾਰੀ ਪੰਜਾਬ ‘ਚ ਜਿਥੇ ਕਈ ਲੈਬਾਂ ‘ਚ ਚੰਗੀ ਤਰ੍ਹਾਂ ਟੈਸਟਾਂ ਦੀ ਜਾਂਚ ਕਰ ਕੇ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਹਨ, ਉਥੇ ਹੀ ਅੱਜ ਅੰਮ੍ਰਿਤਸਰ ‘ਚ ਵਿਜੀਲੈਂਸ ਮਹਿਕਮੇ ਵਲੋਂ ਕੋਰੋਨਾ ਦੇ ਟੈਸਟ ਕਰ ਰਹੀ ਇਕ ਨਿਜੀ ਲੈਬ ‘ਚ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਕ ਲੈਬ ‘ਚ ਕੋਰੋਨਾ ਨੂੰ ਲੈ ਕੇ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਸਨ, ਜਿਸ ਦੀ ਖ਼ਬਰ ਮਿਲਦਿਆਂ ਹੀ ਵਿਜੀਲੈਂਸ ਵਲੋਂ ਉਕਤ ਲੈਬ ‘ਚ ਛਾਪੇਮਾਰੀ ਕੀਤੀ ਗਈ ਅਤੇ ਲੈਬ ਦੇ ਕਾਗ਼ਜ਼ਾਤ ਵੀ ਜ਼ਬਤ ਕਰਨ ਦੀ ਖ਼ਬਰ ਮਿਲੀ ਹੈ। ਵਿਜੀਲੈਂਸ ਵਿਭਾਗ ਵਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿਚ ਲਗਾਤਾਰ ਕੋਰੋਨਾ ਦੇ ਕੇਸ ਵਧ ਰਹੇ ਹਨ। ਇਥੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਵੀ ਕਾਫੀ ਵਧ ਗਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਪਿਛਲੇ ਦਿਨੀਂ ਇਹ ਰਿਪੋਰਟ ਮਿਲੀ ਸੀ ਕਿ ਅੰਮ੍ਰਿਤਸਰ ਵਿਚ ਕੁਝ ਲੈਬਾਂ ਵਲੋਂ ਝੂਠੀਆਂ ਕੋਰੋਨਾ ਰਿਪੋਰਟਾਂ ਬਣਾਈਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਪ੍ਰਸ਼ਾਸਨ ਗੰਭੀਰ ਹੋ ਗਿਆ ਹੈ ਤੇ ਵਿਜੀਲੈਂਸ ਵਿਭਾਗ ਵਲੋਂ ਝੂਠੀਆਂ ਕੋਰੋਨਾ ਰਿਪੋਰਟਾਂ ਬਣਾਉਣ ਵਾਲਿਆਂ ਖਿਲਾਫ ਛਾਪੇ ਮਾਰੇ ਗਏ ਹਨ ਤੇ ਪ੍ਰਸ਼ਾਸਨ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਗਲਤ ਰਿਪੋਰਟਾਂ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।