‘Walk to Delhi’ : ਹਰਿਆਣਾ : ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸੰਘਰਸ਼ ਪਿਛਲੇ 2 ਮਹੀਨੇ ਤੋਂ ਜਾਰੀ ਹੈ। 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਮੁਹਿੰਮ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ ਦੇ ਰਸਤਿਓਂ ਐਂਟਰੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਵੱਖ-ਵੱਖ ਜਿਲ੍ਹਿਆਂ ‘ਚ ਬੀਤੀ ਰਾਤ ਕਿਸਾਨਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈਕੋਰਟ ਇਸ ਮਾਮਲੇ ‘ਚ ਥੋੜ੍ਹੀ ਦੇਰ ‘ਚ ਸੁਣਵਾਈ ਕਰੇਗਾ। ਕਿਸਾਨਾਂ ਦੇ ਇੱਕ ਸੰਗਠਨ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਉਹ ਦਿੱਲੀ ‘ਚ ਵਿਰੋਧ ਕਰਨ ਲਈ ਜਾਣਾ ਚਾਹੁੰਦੇ ਹਨ ਪਰ ਪੁਲਿਸ ਨੇ ਕੱਲ੍ਹ ਦੇਰ ਰਾਤ ਕਾਫੀ ਗਿਣਤੀ ‘ਚ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮਨੋਹਰ ਲਾਲ ਖੱਟੜ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤਿਆ ਗਿਆ ਹੈ। ਲਗਭਗ 3 ਦਰਜ਼ਨ ਕਿਸਾਨ-ਆਗੂਆਂ ਨੂੰ ਜ਼ਬਰਦਸਤੀ ਗ੍ਰਿਫਤਾਰ ਕੀਤਾ ਗਿਆ। ਘਰਾਂ ‘ਚ ਛਾਪੇਮਾਰੀ ਕੀਤੀ ਗਈ, ਪਰਿਵਾਰਕ ਮੈਂਬਰਾਂ ਨੂੰ ਡਰਾਇਆ-ਧਮਕਾਇਆ ਗਿਆ ਅਤੇ ਹਰਿਆਣਾ ਦੇ ਬਾਰਡਰ-ਸੀਲ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੇਣ ਲਈ ਰੋਕਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਪਰ ਇਨ੍ਹਾਂ ਸਭ ਦੇ ਬਾਵਜੂਦ ਪੰਜਾਬ ਦੇ ਕਿਸਾਨ ਸੂਝ-ਬੂਝ ਵਰਤਣਗੇ ਅਤੇ ਹਰ ਸੰਭਵ ਤਰੀਕੇ ਰਾਹੀਂ ਦਿੱਲੀ ਵੱਲ ਵਧਣਗੇ।
ਹਰਿਆਣਾ ਵੱਲੋਂ ਪੰਜਾਬ ਤੇ ਦਿੱਲੀ ਬਾਰਡਰ ਸੀਲ ਕਰ ਦਿੱਤੇ ਗਏ ਹਨ। ਉਥੇ ਹੀ ਭਾਜਪਾ ਸ਼ਾਸਿਤ ਹਰਿਆਣਾ ਨੇ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਰੋਕਣ ਲਈ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਹੈ। ਨਾਲ ਹੀ, ਪੁਲਿਸ ਨੇ ਰਾਜ ਤੋਂ ਤਕਰੀਬਨ 100 ਕਿਸਾਨ ਨੇਤਾਵਾਂ ਨੂੰ “ਰੋਕੂ ਹਿਰਾਸਤ” ਵਿੱਚ ਲੈ ਲਿਆ ਸੀ। ਪੁਲਿਸ ਦੇ ਅੰਦਾਜ਼ੇ ਅਨੁਸਾਰ, 26 ਨਵੰਬਰ ਤੋਂ ‘ਦਿੱਲੀ ਚਲੋ’ ਅੰਦੋਲਨ ਦੇ ਹਿੱਸੇ ਵਜੋਂ ਪੰਜਾਬ ਤੋਂ ਤਕਰੀਬਨ 2,00,000 ਕਿਸਾਨ ਦਿੱਲੀ ਲਈ ਰਵਾਨਾ ਹੋਏ ਹਨ।
ਕਿਸਾਨ ਸਭਾ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਹਰਿਆਣਾ ਤੋਂ ਬਾਰਡਰ ਸੀਲ ਕੀਤੇ ਜਾਣ ‘ਤੇ ਬੋਲਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਹ ਸਾਬਿਤ ਕਰਨ ਲਈ ਪੰਜਾਬ ਦੇ ਕਿਸਾਨਾਂ ਲਈ ਅੰਤਰਰਾਜੀ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਕਿ ”ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ ”।