Which roads will : ਚੰਡੀਗੜ੍ਹ ਵਿਖੇ 15 ਅਗਸਤ ਦੇ ਮੱਦੇਨਜ਼ਰ ਕੁਝ ਸੜਕਾਂ ‘ਤੇ ਆਮ ਲੋਕਾਂ ਦੇ ਵਾਹਨਾਂ ਦੀ ਆਵਾਜਾਈ ਨੂੰ ਬੰਦ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਤੇ ਵੀ. ਆਈ. ਪੀ. ਪਾਰਕਿੰਗ ਦੇ ਨਾਲ-ਨਾਲ ਪਰੇਡ ਗਰਾਊਂਡ ਵਲ ਆਉਣ ਵਾਲੇ ਟ੍ਰੈਫਿਕ ਦਾ ਪਲਾਨ ਵੀ ਤਿਆਰ ਕਰ ਲਿਆ ਗਿਆ ਹੈ। ਪੁਲਿਸ ਨੇ ਵੀਰਵਾਰ ਨੂੰ ਸੈਕਟਰ-17 ਸਥਿਤ ਪਰੇਡ ਗਰਾਊਂਡ ‘ਚ 15 ਅਗਸਤ ਨੂੰ ਹੋਣ ਵਾਲੇ ਪ੍ਰੋਗਰਾਮ ਦਾ ਰਿਹਰਸਲ ਵੀ ਕੀਤਾ। ਇਸ ਮੌਕੇ ਡੀ. ਜੀ. ਪੀ. ਸੰਜੇ ਬੇਨੀਵਾਲ ਸਮੇਤ ਕਈ ਅਧਿਕਾਰੀ ਮੌਜੂਦ ਸਨ।
ਸੈਕਟਰ-22 ਏ ਦੀ ਮਾਰਕੀਟ ‘ਚ ਸਵੇਰੇ 6.30 ਵਜੇ ਤੋਂ ਆਜ਼ਾਦੀ ਦਿਵਸ ਪ੍ਰੋਗਰਾਮ ਖਤਮ ਹੋਣ ਤਕ ਕਿਸੇ ਵੀ ਦੁਕਾਨ ਦੇ ਸਾਹਮਣੇ ਕੋਈ ਵੀ ਵਾਹਨ ਪਾਰਕ ਨਹੀਂ ਕਰਨ ਦਿੱਤਾ ਜਾਵੇਗਾ। ਸੀਨੀਅਰ ਅਧਿਕਾਰੀਆਂ ਅਤੇ ਵੀ. ਆਈ. ਪੀ. ਲਈ ਸੈਕਟਰ-16/17/22/23 ਦੇ ਗੋਲ ਚੱਕਰ ਵਲ ਰਸਤਾ ਖੋਲ੍ਹਿਆ ਗਿਆ ਹੈ। ਇਨ੍ਹਾਂ ਰਸਤਿਆਂ ‘ਤੇ ਉਹੀ ਵੀ.ਆਈ. ਪੀ. ਵਾਹਨ ਦਾਖਲ ਹੋਣਗੇ ਜਿਨ੍ਹਾਂ ਦੇ ਕਾਰਨ ‘ਤੇ ਪਾਰਕਿੰਗ ਦਾ ਸਟੀਕਰ ਲੱਗਾ ਹੋਵੇਗਾ। ਉਹ ਆਪਣੀ ਕਾਰ ਨੂੰ ਸੈਕਟਰ-22ਏ ਦੀ ਪਾਰਕਿੰਗ ਦੇ ਸਾਹਮਣੇ ਪਾਰਕ ਕਰ ਸਕਦੇ ਹਨ। 15 ਅਗਸਤ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸੈਕਟਰ-17 ਬੱਸ ਸਟੈਂਡ ‘ਤੇ ਲੱਗਣ ਵਾਲੀ ਸਬਜ਼ੀ ਮੰਡੀ ਨੂੰ ਵੀ ਬੰਦ ਰੱਖਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਸੈਕਟਰ-17 ਬੱਸ ਸਟੈਂਡ ਤੇ ਪਰੇਡ ਗਰਾਊਂਡ ਦੇ ਆਸ-ਪਾਸ ਏਰੀਆ ਵਿਚ ਨਿਗਰਾਨੀ ਨੂੰ ਵਧਾ ਦਿੱਤਾ ਗਿਆ ਹੈ।
ਕਲ ਚੰਡੀਗੜ੍ਹ ਵਿਖੇ ਸੈਕਟਰ 16, 17, 22, 23 ਤੋਂ ਗੁਰਦਿਆਲ ਸਿੰਘ ਪੈਟਰੋਲ ਪੰਪ ਤੇ ਉਦਯੋਗ ਰਸਤੇ ‘ਤੇ ਆਉਣ ਵਾਲੇ ਸੈਕਟਰ-22ਏ ਦਾ ਰਸਤਾ ਬੰਦ ਰਹੇਗਾ। ਲਾਇਨ ਰੈਸਟੋਰੈਂਟ ਸੈਕਟਰ-17 ਦੀ ਲਾਈਟ ਪੁਆਇੰਟ ਤੋਂ ਪਰੇਡ ਗਰਾਊਂਡ ਵਲ ਰਸਤਾ ਬੰਦ ਰਹੇਗਾ, ਸੈਕਟਰ-17 ਪੁਰਾਣੀ ਜਿਲ੍ਹਾ ਅਦਾਲਤ, ਸ਼ਿਵਾਲਿਕ ਹੋਟਲ ਵਲ ਜਾਣ ਵਾਲੀ ਸੜਕ ਬੰਦ ਰਹੇਗੀ ਤੇ ਇਸੇ ਤਰ੍ਹਾਂ ਸੈਕਟਰ-17/18 ਲਾਈਟ ਪੁਆਇੰਟ, ਸੈਕਟਰ-18, 19, 20, 21 ਚੌਕ, ਕ੍ਰਿਕਟ ਸਟੇਡੀਅਮ ਚੌਕ ਵਲ ਆਉਣ ਵਾਲੀ ਟ੍ਰੈਫਿਕ ਦੇ ਰੂਟ ਵਿਚ ਸਵੇਰੇ 9.30 ਤੋਂ 10 ਵਜੇ ਤਕ ਬਦਲਾਅ ਕੀਤਾ ਗਿਆ ਹੈ।