Woman on scooter : ਫਰੀਦਕੋਟ ਥਾਣਾ ਸਦਰ ਦੇ ਇੱਕ ਪਿੰਡ ‘ਚ ਆਪਣੇ ਪਤੀ ਨਾਲ ਸਕੂਟੀ ‘ਤੇ ਜਾ ਰਹੀ ਔਰਤ ਨੂੰ ਬਦਮਾਸ਼ ਚੁੱਕ ਕੇ ਲੈ ਗਏ ਅਤੇ ਅਨਾਜ ਮੰਡੀ ‘ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ। ਇਹੀ ਨਹੀਂ ਦੋ ਹੋਰ ਸਾਥੀ ਤਮਾਸ਼ਬੀਣ ਬਣ ਕੇ ਸਾਰੀ ਵਾਰਦਾਤ ਦੇਖਦੇ ਰਹੇ। ਕਿਸੇ ਤਰ੍ਹਾਂ ਤਰਲੇ ਮਿੰਨਤਾਂ ਕਰਕੇ ਔਰਤ ਬਦਮਾਸ਼ਾਂ ਦੇ ਚੁੰਗਲ ‘ਚੋਂ ਬਚੀ। ਪੀੜਤ ਔਰਤ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਥਾਣਾ ਸਦਰ ਪੁਲਿਸ ਨੇ ਇਸ ਮਾਮਲੇ ‘ਚ 4 ਬਦਮਾਸ਼ਾਂ ‘ਤੇ ਅਗਵਾ ਅਤੇ ਸਮੂਹਿਕ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤ ਔਰਤ ਨੇ ਦੱਸਿਆ ਕਿ 8 ਸਤੰਬਰ ਨੂੰ ਲਗਭਗ 10.00 ਵਜੇ ਉਹ ਆਪਣੇ ਪਤੀ ਨਾਲ ਸਕੂਟੀ ‘ਤੇ ਜ਼ਰੂਰੀ ਕੰਮ ਤੋਂ ਪਿੰਡ ਗੋਲੇਵਾਲਾ ਵੱਲ ਜਾ ਰਹੀ ਸੀ ਜਦੋਂ ਉਹ ਪਿੰਡ ਗੋਲੇਵਾਲਾ ‘ਚ ਪੈਟਰੋਲ ਪੰਪ ਕੋਲ ਪੁੱਜੇ ਤਾਂ ਅਚਾਨਕ ਉਨ੍ਹਾਂ ਦੀ ਸਕੂਟੀ ਅੱਗੇ ਸੱਪ ਆ ਗਿਆ ਜਿਸ ਕਾਰਨ ਉਹ ਰੁਕ ਗਏ। ਇਸ ਦੌਰਾਨ ਇੱਕ ਬਾਈਕ ‘ਤੇ ਦੋ ਨਕਾਬਪੋਸ਼ ਆ ਗਏ।
ਦੋਵਾਂ ਨੇ ਪਤੀ ਨੂੰ ਧਮਕਾਉਂਦੇ ਹੋਏ ਔਰਤ ਨੂੰ ਜ਼ਬਰਦਸਤੀ ਬਾਈਕ ‘ਤੇ ਬਿਠਾ ਲਿਆ ਅਤੇ ਉਸ ਨੂੰ ਗੋਲੇਵਾਲਾ ਦੇ ਬੇਗੂਵਾਲਾ ਰੋਡ ‘ਤੇ ਸਥਿਤ ਅਨਾਜ ਮੰਡੀ ਲੈ ਗਏ। ਔਰਤ ਮੁਤਾਬਕ ਉਥੇ ਇਨ੍ਹਾਂ ਦੋਵਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਉਥੇ ਦੋ ਹੋਰ ਅਣਪਛਾਤੇ ਵਿਅਕਤੀ ਵੀ ਆਏ ਜੋ ਉਸ ਨਾਲ ਹੁੰਦੇ ਜਬਰ ਜਨਾਹ ਨੂੰ ਮੂਕ ਹੋ ਕੇ ਦੇਖਦੇ ਰਹੇ। ਇਸ ਮਾਮਲੇ ‘ਚ ਪੁਲਿਸ ਚੌਕੀ ਗੋਲੇਵਾਲਾ ਦੀ ਇੰਚਾਰਜ ਤੇ ਜਾਂਚ ਅਧਿਕਾਰੀ ਐੱਸ. ਆਈ. ਰਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਮਹਿਲਾ ਦੇ ਬਿਆਨ ‘ਤੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਉਂਕਿ ਔਰਤ ਦਾ ਅਜੇ ਇਲਾਜ ਅਧੀਨ ਹੈ ਤੇ ਉਸ ਦੇ ਠੀਕ ਹੋਣ ਤੋਂ ਬਾਅਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।