Young man attacked : ਜਲੰਧਰ : ਪੁਰਾਣੀ ਰੰਜਿਸ਼ ਕਾਰਨ ਪਿੰਡ ਕਾਲਾ ਬੱਕਰਾ ‘ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਰਮਜੀਤ ਸਿੰਘ ਪੁੱਤਰ ਸੋਹਣ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਛੋਟਾ ਭਰਾ ਓਂਕਾਰ ਸਿੰਘ ਜੋ ਕਾਲਾ ਬੱਕਰਾ ਵਿਖੇ ਰਾਣੀ ਭੱਟੀ ਵਿਖੇ ਲੋਹੇ ਦੇ ਹਥਿਆਰ ਬਣਾਉਣ ਦਾ ਕੰਮ ਕਰਦਾ ਹੈ। ਉਹ ਸ਼ੁੱਕਰਵਾਰ ਸ਼ਾਮ 5 ਕੁ ਵਜੇ ਆਪਣੀ ਦੁਕਾਨ ‘ਤੇ ਕੰਮ ਕਰ ਰਿਹਾ ਸੀ ਤਾਂ 4-5 ਮੋਟਰਸਾਈਕਲਾਂ ਅਤੇ ਇੱਕ ਕਾਰ ਵਿੱਚ ਲਗਭਗ 10-12 ਨੌਜਵਾਨ ਆਏ ਅਤੇ ਉਨ੍ਹਾਂ ਆਉਂਦਿਆਂ ਹੀ ਦੁਕਾਨ ਚ ਕੰਮ ਕਰ ਰਹੇ ਉਂਕਾਰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਓਂਕਾਰ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਦੁਕਾਨ ਦਾ ਸ਼ਟਰ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਦੀ ਦੁਕਾਨ ‘ਚ ਵੜ ਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਜਾਰੀ ਰੱਖਿਆ। ਜਦ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤਾਂ ਹਮਲਾਵਰ ਉਸ ਨੂੰ ਦੁਕਾਨ ‘ਚੋਂ ਬਾਹਰ ਕੱਢ ਕੇ ਸੁੱਟ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਤੇ ਘਰਵਾਲਿਆਂ ਨੂੰ ਦਿੱਤੀ। ਓਂਕਾਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗੰਭੀਰ ਹਾਲਤ ‘ਚ ਕਾਲਾ ਬੱਕਰਾ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਜਿਥੇ ਉਸ ਦੀ ਹਾਲਤ ਗੰਭੀਰ ਦੇਖ ਕੇ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਮੌਕੇ ‘ਤੇ ਪੁਲਿਸ ਚੌਕੀ ਪਚਰੰਗਾ ਦੇ ਇੰਚਾਰਜ ਸਬ ਇੰਸਪੈਕਟਰ ਸੁਖਜੀਤ ਸਿੰਘ ਬੈਂਸ ਪੁਲਿਸ ਪਾਰਟੀ ਸਮੇਤ ਹਸਪਤਾਲ ‘ਚ ਪਹੁੰਚੇ। ਉਨ੍ਹਾਂ ਦੱਸਿਆ ਕਿ ਓਂਕਾਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਦੇ ਬਿਆਨ ਨਹੀਂ ਲਏ ਜਾ ਸਕੇ ਹਨ। ਡਾਕਟਰਾਂ ਨੇ ਉਂਕਾਰ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਹੈ। ਪੁਲਿਸ ਆਪਣੀ ਅਗਲੀ ਕਾਰਵਾਈ ਕਰ ਰਹੀ ਹੈ।