Young man brutally : ਤਰਨਤਾਰਨ ਦੇ ਪਿੰਡ ਘੜਕਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ 18 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜੁਗਰਾਜ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਘੜਕਾ ਵਜੋਂ ਹੋਈ ਹੈ। ਬੀਤੀ ਰਾਤ ਉਹ ਘਰੋਂ ਬਾਹਰ ਗਿਆ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਵਲੋਂ ਨੌਜਵਾਨ ਦੀ ਬਹੁਤ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ ਤੇ ਮੰਗਲਵਾਰ ਸਵੇਰੇ ਉਸ ਦੀ ਲਾਸ਼ ਮਿਲੀ।
ਮਿਲੀ ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਨੇ ਬਹੁਤ ਬੇਰਹਿਮੀ ਨਾਲ ਕਿਰਚਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਅੱਜ ਉਕਤ ਨੌਜਵਾਨ ਦਾ ਜਨਮ ਦਿਨ ਸੀ ਅਤੇ ਉਸ ਨੇ 18 ਸਾਲਾਂ ਦਾ ਹੋਣਾ ਸੀ। ਕਤਲ ਕਿਉਂ ਕੀਤਾ ਗਿਆ, ਅਜੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ। ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧਤ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ।