14 crore water supply : ਮੋਹਾਲੀ : ਮੋਹਾਲੀ ਸ਼ਹਿਰ ਵਿਚ ਬਿਹਤਰ ਜਲ ਸਪਲਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਭਗ 14 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਜਲ ਸਪਲਾਈ ਪ੍ਰਬੰਧ ਦਾ ਨਵੀਨੀਕਰਨ ਕੀਤਾ ਜਾਵੇਗਾ। ਤੇਜ਼ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਕਰਨ ਲਈ ਸ਼ਹਿਰ ਵਿਚ ਫ਼ੇਜ਼-1, ਫ਼ੇਜ਼-2, ਫ਼ੇਜ਼-5, ਸੈਕਟਰ-70 (ਮਟੌਰ) ਅਤੇ ਸੈਕਟਰ 72 ‘ਤੇ ਬੂਸਟਰ ਸਟੇਸ਼ਨ ਸਥਾਪਤ ਕੀਤੇ ਜਾ ਰਹੇ ਹਨ ਜਿਸ ਨਾਲ ਸ਼ਹਿਰ ਵਾਸੀਆਂ ਦੀ ਵੱਧ ਪ੍ਰੈਸ਼ਰ ਨਾਲ ਜਲ ਸਪਲਾਈ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਜਾਵੇਗੀ। ਇਸ ਦੇ ਲਈ 1390.54 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਜਲ ਸਪਲਾਈ ਪ੍ਰਬੰਧ ਨਾਲ ਜੁੜੇ ਵੱਖ-ਵੱਖ ਕਾਰਜਾਂ ਲਈ ਅਮਲੀ ਕਾਰਵਾਈ ਪਹਿਲਾਂ ਹੀ ਸ਼ੁਰੂ ਹੋ ਚੁਕੀ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਤਮਾਮ ਵਿਕਾਸ ਕਾਰਜ ਛੇਤੀ ਤੋਂ ਛੇਤੀ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਦਿਤੀਆਂ ਗਈਆਂ ਹਨ।
ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਬੂਸਟਰ ਸਟੇਸ਼ਨ ਸਥਾਪਤ ਕਰਨ ਤੋਂ ਇਲਾਵਾ ਸ਼ਹਿਰ ਵਿਚ ਵੱਖ-ਵੱਖ ਥਾਈਂ ਵਾਟਰ ਪਲਾਂਟਾਂ ‘ਤੇ ਲੱਗੇ ਪੁਰਾਣੇ ਪੰਪ ਅਤੇ ਮੋਟਰਾਂ ਤੇ ਪਾਣੀ ਦੀਆਂ ਪਾਈਪਾਂ ਵੀ ਬਦਲੀਆਂ ਜਾਣਗੀਆਂ। ਪਾਈਪ ਲਾਈਨਾਂ ‘ਚ ਪਾਣੀ ਦੀ ਲੀਕੇਜ਼ ਆਦਿ ਦਾ ਪਤਾ ਲਾਉਣ ਅਤੇ ਉਸ ਨੂੰ ਤੁਰੰਤ ਠੀਕ ਕਰਵਾਉਣ ਲਈ ਆਧੁਨਿਕ ਸਕਾਡਾ ਸਿਸਟਮ ਵੀ ਸਥਾਪਤ ਕੀਤਾ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਕਾਫ਼ੀ ਸਮੇਂ ਤੋਂ ਘੱਟ ਪ੍ਰੈਸ਼ਰ ਨਾਲ ਪਾਣੀ ਦੀ ਸ਼ਿਕਾਇਤਾਂ ਆ ਉਨ੍ਹਾਂ ਨੂੰ ਮਿਲ ਰਹੀਆਂ ਸਨ। ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਤੋਂ ਬਾਅਤ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਦਿਸ਼ਾ ਵਿਚ ਲੋੜੀਂਦੇ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸਿਸਟਮ ਦੇ ਨਵੀਨੀਕਰਨ ਨਾਲ ਮੋਹਾਲੀ ਵਾਸੀਆਂ ਨੂੰ ਜ਼ਾਹਰਾ ਤੌਰ ‘ਤੇ ਬਿਹਤਰ ਅਤੇ ਮਿਆਰੀ ਜਲ ਸਪਲਾਈ ਸਹੂਲਤਾਂ ਮਿਲਣਗੀਆਂ।