2 more deaths : ਅੰਮ੍ਰਿਤਸਰ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਸਵੇਰੇ ਹੀ ਜਿਲ੍ਹੇ ਵਿਚ 2 ਮਰੀਜ਼ਾਂ ਦੀ ਮੌਤ ਹੋ ਗਈ। ਅੰਮ੍ਰਿਤਸਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 35 ਤਕ ਪੁੱਜ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਦੋ ਮੌਤਾਂ ਤੋਂ ਇਲਾਵਾ 2 ਮਰੀਜ਼ ਅਜਿਹੇ ਵੀ ਹਨ ਜਿਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ। ਕੋਰੋਨਾ ਨਾਲ ਹੋ ਰਹੀਆਂ ਲਗਾਤਾਰ ਮੌਤਾਂ ਕਾਰਨ ਪ੍ਰਸ਼ਾਸਨ ਦੀ ਚਿੰਤਾ ਵੀ ਵਧ ਗਈ ਹੈ ਤੇ ਲੋਕਾਂ ਵਿਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਸੂਬੇ ਵਿਚ ਕੋਰੋਨਾ ਦੇ ਸਭ ਤੋਂ ਵਧ ਮਾਮਲੇ ਅੰਮ੍ਰਿਤਸਰ ਤੋਂ ਹਨ। ਕਲ ਅੰਮ੍ਰਿਤਸਰ ਵਿਖੇ ਕੋਰੋਨਾ ਦੇ 13 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ। ਸੂਬੇ ਵਿਚ ਕੋਰੋਨਾ ਪੀਰਥਾਂ ਦੀ ਗਿਣਤੀ 4600 ਤੋਂ ਵਧ ਹੋ ਗਈ ਹੈ। ਅੰਮ੍ਰਿਤਸਰ ਵਿਚ 844, ਜਲੰਧਰ ‘ਚ 651, ਲੁਧਿਆਣਾ ‘ਚ 649, ਪਟਿਆਲੇ ‘ਚ 235, ਸੰਗਰੂਰ ‘ਚ 304, ਨਵਾਂਸ਼ਹਿਰ ‘ਚ 126, ਪਠਾਨਕੋਟ ‘ਚ 195, ਮੋਹਾਲੀ ‘ਚ 224, ਹੁਸ਼ਿਆਰਪੁਰ ‘ਚ 167, ਮੋਗਾ ‘ਚ 86, ਫਰੀਦਕੋਟ ‘ਚ 100, ਕਪੂਰਥਲਾ ‘ਚ 84, ਰੋਪੜ ‘ਚ 94, ਮਾਨਸਾ ‘ਚ 43, ਫਾਜਿਲਕਾ ‘ਚ 75, ਬਠਿੰਡਾ ‘ਚ 85 ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ। 3144 ਵਿਅਕਤੀ ਇਸ ਕੋਰੋਨਾ ਵਾਇਰਸ ਤੋਂ ਮੁਕਤ ਵੀ ਹੋ ਚੁੱਕੇ ਹਨ। ਫਿਲਹਾਲ ਸੂਬੇ ਵਿਚ ਕੋਰੋਨਾ ਦੇ 1425 ਐਕਟਿਵ ਕੇਸ ਹਨ।
ਪੂਰੇ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆ ਦੀ ਗਿਣਤੀ 4,73,105 ਹੋ ਗਈ ਹੈ। ਦੇਸ਼ ‘ਚ ਕੋਰੋਨਾ ਦੇ 2,71,697 ਮਰੀਜ਼ ਠੀਕ ਹੋਏ ਹਨ ਅਤੇ ਹੁਣ ਤੱਕ ਕੁੱਲ 14,894 ਦੀ ਮੌਤ ਹੋ ਗਈ ਹੈ। ਸੂਬੇ ਵਿਚ ਕੋਰੋਨਾ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਲੌਕਡਾਊਨ ਵਿਚ ਛੋਟ ਮਿਲਦਿਆਂ ਹੀ ਰੋਜ਼ਾਨਾ ਬਹੁਤ ਵੱਡੀ ਗਿਣਤੀ ਵਿਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਜਦੋਂ ਤਕ ਕੋਰੋਨਾ ਵਾਇਰਸ ਦੀ ਵੈਕਸੀਨ ਨਹੀਂ ਬਣਦੀ ਉਦੋਂ ਤਕ ਸਿਰਫ ਮਾਸਕ ਹੀ ਇਕ ਅਜਿਹਾ ਜ਼ਰੀਆ ਹੈ ਜਿਸ ਨਾਲ ਅਸੀਂ ਆਪਣੇ ਤੇ ਪਰਿਵਾਰ ਨੂੰ ਇਸ ਖਤਰਨਾਕ ਵਾਇਰਸ ਤੋਂ ਬਚਾ ਸਕਦੇ ਹਾਂ।