ਗੁਰਦਾਸਪੁਰ ਵਿਚ ਦੀਵਾਲੀ ‘ਤੋਂ ਪਹਿਲਾ ਇੱਕ ਘਰ ‘ਚ ਜਵਾਨ ਪੁੱਤ ਦੀ ਮੌਤ ‘ਤੋਂ ਬਾਅਦ ਸੱਥਰ ਵਿਛ ਗਏ। 22 ਸਾਲਾਂ ਨੌਜਵਾਨ ਬੀਤੀ ਸਵੇਰ ਘਰੋਂ ਕੰਮ ਤੇ ਗਿਆ ਸੀ, ਪਰ ਸ਼ਾਮ ਨੂੰ ਉਸ ਦੀ ਲਾਸ਼ ਸੜਕ ਉੱਤੇ ਪਈ ਮਿਲੀ। ਮ੍ਰਿਤਕ ਦੀ ਪਛਾਣ ਕਸਬਾ ਕਾਦੀਆਂ ਦੇ ਮੁਹੱਲਾ ਪ੍ਰਤਾਪ ਨਗਰ ਦੇ ਸੋਨੂ ਵਜੋਂ ਹੋਈ। ਸੋਨੂ ਪੀਵੀਸੀ ਦਾ ਕੰਮ ਕਰਦਾ ਸੀ। ਸੋਨੂ ਦੋ ਭੈਣਾਂ ਦਾ ਇਕੱਲਾ ਭਰਾ ਸੀ। ਉਸਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਦੀ ਮਾਤਾ ਰਾਜ ਅਤੇ ਦੋਸਤ ਰੋਬਨ ਮਸੀਹ ਨੇ ਦੱਸਿਆ ਕਿ ਕੱਲ ਦੁਪਹਿਰ ਢਾਈ ਵਜੇ ਉਸਦੇ ਮਾਲਕ ਦਾ ਫੋਨ ਆਇਆ ਕਿ ਕਣਕ ਦੀ ਬਿਜਾਈ ਕਰਨੀ ਹੈ ਅਤੇ ਇਸ ਦੇ ਲਈ ਉਸਨੂੰ ਸੋਨੂ ਦੀ ਮਦਦ ਦੀ ਲੋੜ ਹੈ। ਜਿਸ ਤੋਂ ਬਾਅਦ ਉਹ ਘਰੋਂ ਮੋਟਰਸਾਈਕਲ ਤੇ ਚਲਿਆ ਗਿਆ। ਸ਼ਾਮ ਸਾਢੇ ਛੇ ਵਜੇ ਉਸ ਨਾਲ ਗੱਲ ਹੋਈ ਸੀ ਉਦੋਂ ਉਹ ਬਿਲਕੁਲ ਠੀਕ ਸੀ। ਪਰ 7:30 ਵਜੇ ਸਾਨੂੰ ਕਿਸੇ ਅਣਪਛਾਤੇ ਦਾ ਫੋਨ ਆਇਆ ਕਿ ਤੁਹਾਡਾ ਬੇਟਾ ਮ੍ਰਿਤਕ ਹਾਲਤ ਵਿੱਚ ਸੜਕ ਉੱਤੇ ਪਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਸੋਨੂ ਦੇ ਸਿਰ ਵਿੱਚ ਸੱਟ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਕਿਸੇ ਵੱਲੋਂ ਸਾਡੇ ਬੇਟੇ ਦਾ ਕਤਲ ਕਰਕੇ ਲਾਸ਼ ਨੂੰ ਇੱਥੇ ਸੁੱਟਿਆ ਗਿਆ ਹੈ। ਮ੍ਰਿਤਕ ਦੀ ਮਾਤਾ ਨੇ ਕਿਹਾ- ਉਸਦੇ ਪਰਿਵਾਰ ਦੀ ਮਾਲੀ ਹਾਲਤ ਵੀ ਜਿਆਦਾ ਠੀਕ ਨਹੀਂ ਹੈ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਮ੍ਰਿਤਕ ਦੀ ਮਾਤਾ ਤੇ ਦੋਸਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ ਉਸ ਖਿਲਾਫ ਸਖਤ ਕਾਰਵਾਈ ਕਰ ਸਾਨੂੰ ਇਨਸਾਫ ਦਿੱਤਾ ਜਾਵੇ।
ਇਹ ਵੀ ਪੜ੍ਹੋ : ਭਾਰਤੀ ਟੀਮ ਦੇ ਦਿੱਗਜ ਕ੍ਰਿਕਟਰ ਗੁਰਕੀਰਤ ਸਿੰਘ ਮਾਨ ਨੇ ਲਿਆ ਸੰਨਿਆਸ, ਇਹ ਹੈ ਵਜ੍ਹਾ
ਜਦੋਂ ਇਸ ਬਾਰੇ ਥਾਣਾ ਕਾਹਨੂੰਵਾਨ ਦੇ SHO ਓ ਬਲਬੀਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਦੇ ਮਾਮੇ ਦੇ ਬਿਆਨ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਸਬੰਧੀ ਬਾਕੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –