ਪੰਜਾਬ ‘ਚ ਪਰਾਲੀ ਸਾੜਨ ਦੀ ਰਫਤਾਰ 8 ਦਿਨਾਂ ‘ਚ 25 ਗੁਣਾ ਵਧ ਗਈ ਹੈ ਜਿਸ ਕਾਰਨ ਹਵਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਸੂਬੇ ਵਿੱਚ 28 ਅਕਤੂਬਰ ਨੂੰ ਪਰਾਲੀ ਸਾੜਨ ਦੇ ਕੁੱਲ 127 ਮਾਮਲੇ ਸਾਹਮਣੇ ਆਏ ਸਨ। 29 ਅਕਤੂਬਰ ਨੂੰ ਇਹ ਗਿਣਤੀ ਵਧ ਕੇ 1,068 ਹੋ ਗਈ। ਐਤਵਾਰ ਨੂੰ ਇਸ ਸੀਜ਼ਨ ਦੇ ਸਭ ਤੋਂ ਵੱਧ 3,230 ਮਾਮਲੇ ਸਾਹਮਣੇ ਆਏ। ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਵਿੱਚ ਸਭ ਤੋਂ ਵੱਧ 551 ਕੇਸ ਦਰਜ ਹੋਏ ਹਨ। ਸੂਬੇ ਦੀ ਹਵਾ ਖਰਾਬ ਹੋਣ ਕਾਰਨ ਸਿਹਤ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਮਾਸਕ ਪਹਿਨ ਕੇ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ।
ਸੋਮਵਾਰ ਨੂੰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਅਤੇ ਕੁੱਲ 2,060 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 509 ਕੇਸ ਸੰਗਰੂਰ ਦੇ ਹਨ। ਸੰਗਰੂਰ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 3,207 ਮਾਮਲੇ ਸਾਹਮਣੇ ਆਏ ਹਨ, ਜੋ ਕਿ ਸੂਬੇ ਵਿੱਚ ਸਭ ਤੋਂ ਵੱਧ ਹਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ 1,976 ਮਾਮਲਿਆਂ ਨਾਲ ਦੂਜੇ ਸਥਾਨ ‘ਤੇ, ਤਰਨਤਾਰਨ 1,809 ਮਾਮਲਿਆਂ ਨਾਲ ਤੀਜੇ ਸਥਾਨ ‘ਤੇ, ਮਾਨਸਾ 1,451 ਮਾਮਲਿਆਂ ਨਾਲ ਚੌਥੇ ਸਥਾਨ ‘ਤੇ ਅਤੇ ਅੰਮ੍ਰਿਤਸਰ 1,439 ਮਾਮਲਿਆਂ ਨਾਲ ਪੰਜਵੇਂ ਸਥਾਨ ‘ਤੇ ਹੈ।
ਇਹ ਵੀ ਪੜ੍ਹੋ : CM ਮਾਨ ਪਤਨੀ ਨਾਲ ਵਿਧਾਇਕ ਸੰਗੋਵਾਲ ਦੇ ਬੇਟੇ ਦੇ ਵਿਆਹ ‘ਚ ਪੁੱਜੇ, ਨਵ-ਵਿਆਹੀ ਜੋੜੀ ਨੂੰ ਦਿੱਤੀ ਵਧਾਈ
ਇਸ ਵਾਰ 6 ਨਵੰਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੇ 17,403 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਹ ਅੰਕੜਾ ਪਿਛਲੇ ਸਾਲ ਦੀ ਇਸ ਤਰੀਕ ਨਾਲੋਂ ਘੱਟ ਹੈ। ਪਿਛਲੇ ਸਾਲ ਇਸ ਸਮੇਂ ਤੱਕ, 29,999 ਮਾਮਲੇ ਸਨ। ਸਾਲ 2021 ਵਿੱਚ ਪਰਾਲੀ ਸਾੜਨ ਦੇ ਅੰਕੜੇ 32,734 ਸਨ। ਰਾਜ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵਾਧੇ ਦੇ ਨਾਲ, ਹਵਾ ਦੀ ਗੁਣਵੱਤਾ ਵੀ ਵਿਗੜ ਗਈ ਹੈ।
ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਸਾਹ ਲੈਣਾ ਖ਼ਤਰੇ ਵਿੱਚ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਪਿਛਲੇ ਪੰਜ ਸਾਲਾਂ ਦੌਰਾਨ ਜ਼ਿਲ੍ਹੇ ਵਿੱਚ ਕਰੀਬ ਦਸ ਹਜ਼ਾਰ ਖੇਤੀ ਸੰਦ ਵੀ ਸਬਸਿਡੀ ’ਤੇ ਕਿਸਾਨਾਂ ਨੂੰ ਉਪਲਬਧ ਕਰਵਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ : –