2914 positive cases : ਪੰਜਾਬ ‘ਚ ਕੋਰੋਨਾ ਦੇ ਕੇਸ ਦਿਨੋ-ਦਿਨ ਵੱਧ ਰਹੇ ਹਨ ਜਿਸ ਕਾਰਨ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਅੱਜ ਫਿਰ ਤੋਂ ਪੰਜਾਬ ‘ਚ ਕੋਵਿਡ-19 ਦੇ 2914 ਪਾਜੀਟਿਵ ਕੇਸ ਸਾਹਮਣੇ ਆਏ ਹਨ ਤੇ 59 ਮੌਤਾਂ ਕੋਰੋਨਾ ਕਾਰਨ ਹੋਈਆਂ। ਹੁਣ ਤੱਕ 2,34,602 ਪਾਜੀਟਿਵ ਕੇਸ ਹੋ ਚੁੱਕੇ ਹਨ ਪਰ ਰਾਹਤ ਭਰੀ ਗੱਲ ਇਹ ਵੀ ਹੈ ਕਿ 2,03,710 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਨੂੰ ਜਿੱਤ ਵੀ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸੂਬੇ ‘ਚ ਐਕਟਿਵ ਕੇਸਾਂ ਦੀ ਗਿਣਤੀ 24,143 ਤੱਕ ਪੁੱਜ ਗਈ ਹੈ ਤੇ 6749 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਕੋਰੋਨਾ ਤੋਂ ਜਿਹੜੀਆਂ 59 ਮੌਤਾਂ ਹੋਈਆਂ ਹਨ ਉਨ੍ਹਾਂ ‘ਚੋਂ ਅੰਮ੍ਰਿਤਸਰ ਤੋਂ 7, ਬਰਨਾਲਾ ਤੋਂ 1, ਬਠਿੰਡੇ ਤੋਂ 2, ਗੁਰਦਾਸਪੁਰ ਤੋਂ 3, ਹੁਸ਼ਿਆਰਪੁਰ ਤੋਂ 10, ਜਲੰਧਰ ਤੋਂ 13, ਕਪੂਰਥਲਾ ਤੋਂ 4, ਲੁਧਿਆਣੇ ਤੋਂ 11, ਐੱਸ. ਏ. ਐੱਸ. ਨਗਰ ਤੋਂ 4, ਪਟਿਆਲੇ ਤੋਂ 3 ਤੇ ਰੋਪੜ ਤੋਂ 1 ਮਰੀਜ਼ ਦੀ ਮੌਤ ਹੋ ਗਈ। ਕੋਰੋਨਾ ਦੇ ਸਭ ਤੋਂ ਵਧ ਕੇਸ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਏ ਹਨ। ਇਥੇ ਕੋਰੋਨਾ ਦੇ 360 ਕੇਸ, ਇਸੇ ਤਰ੍ਹਾਂ ਜਿਲ੍ਹਾ ਅੰਮ੍ਰਿਤਸਰ ਤੋਂ 357, ਲੁਧਿਆਣੇ ਤੋਂ 343, ਪਟਿਆਲੇ ਤੋਂ 290, ਐੱਸ. ਏ. ਐੱਸ. ਨਗਰ ਤੋਂ 286 ਨਵੇਂ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ।
ਸੂਬੇ ‘ਚ ਵਧਦੇ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਹੁਣ 1 ਅਪ੍ਰੈਲ ਤੋਂ 45 ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਵੀ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ। ਪੰਜਾਬ ਵਿਚ ਵਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਨਾਈਟ ਕਰਫਿਊ ਲਗਾਇਆ ਗਿਆ ਹੈ ਤੇ ਸਾਰੇ ਵਿੱਦਿਅਕ ਅਦਾਰਿਆਂ ਨੂੰ 31 ਮਾਰਚ ਤੱਕ ਬੰਦ ਰੱਖਿਆ ਗਿਆ ਹੈ।