ਲੁਧਿਆਣਾ ਵਿੱਚ ਦੋ ਦਿਨ ਪਹਿਲਾਂ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਕਰੋੜ ਰੁਪਏ ਦੇ ਗਹਿਣੇ ਅਤੇ 2 ਲੱਖ 76 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਈ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਹੈ। ਇਹ ਮੁਲਜ਼ਮ ਨੇਪਾਲ ਭੱਜਣ ਦੀ ਯੋਜਨਾ ਬਣਾ ਰਹੇ ਸਨ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਬਹਾਦਰ, ਸਰਜਨ ਸ਼ਾਹੀ, ਕਿਸ਼ਨ ਬਹਾਦਰ ਅਤੇ ਡੇਵਿਡ ਵਜੋਂ ਹੋਈ ਹੈ। ਸਾਰੇ ਦੋਸ਼ੀ ਮੂਲ ਰੂਪ ਤੋਂ ਨੇਪਾਲ ਦੇ ਰਹਿਣ ਵਾਲੇ ਹਨ। ਮਾਸਟਰ ਮਾਈਂਡ ਨੌਕਰ ਕਰਨ ਬਹਾਦੁਰ ਖ਼ਿਲਾਫ਼ ਪਹਿਲਾਂ ਹੀ ਮੰਡੀ ਗੋਬਿੰਦਗੜ੍ਹ ਵਿੱਚ ਕੇਸ ਦਰਜ ਹੈ। ਕਰਨ ਨੇ ਹੀ ਪਰਿਵਾਰ ਨੂੰ ਬੇਹੋਸ਼ ਕੀਤਾ ਸੀ। ਮੁਲਜ਼ਮ ਕਰਨ ਕਰੀਬ 3 ਮਹੀਨਿਆਂ ਤੋਂ ਕੋਠੀ ਵਿੱਚ ਕੰਮ ਕਰ ਰਿਹਾ ਸੀ।
ਮੁਲਜ਼ਮ ਕਰਨ ਨੂੰ ਪਤਾ ਸੀ ਕਿ ਮਾਲਕ ਜਗਦੀਸ਼ ਗਰਚਾ ਦਾ ਲੜਕਾ ਹਰਜਿੰਦਰ ਸਿੰਘ ਦੋ ਦਿਨ ਪਹਿਲਾਂ ਆਪਣੀ ਪਤਨੀ ਨਾਲ ਜੈਪੁਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਗਿਆ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ 17 ਸਤੰਬਰ ਦੀ ਰਾਤ ਨੂੰ ਪਰਿਵਾਰ ਦੇ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ। ਖਾਣਾ ਖਾਣ ਤੋਂ ਬਾਅਦ ਜਗਦੀਸ਼ ਗਰਚਾ, ਉਸ ਦੀ ਪਤਨੀ ਦਲਜੀਤ ਕੌਰ, ਭੂਆ ਦਲੀਪ ਕੌਰ ਅਤੇ ਨੌਕਰਾਣੀ ਰੇਣੂ ਵੱਖ-ਵੱਖ ਥਾਵਾਂ ’ਤੇ ਬੇਹੋਸ਼ ਹੋ ਗਏ। ਲੋਕਾਂ ਦੀ ਮਦਦ ਨਾਲ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਵੱਲੋਂ ਸਾਈਬਰ ਠੱਗ ਗਿਰੋਹ ਦਾ ਪਰਦਾਫਾਸ਼, 17 ਲੱਖ ‘ਤੋਂ ਵੱਧ ਕੈਸ਼ ਸਣੇ 4 ਕਾਬੂ
ਪੁਲਿਸ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਜਗਦੀਸ਼ ਗਰਚਾ ਦੇ ਪਰਿਵਾਰ ਨੇ 3 ਮਹੀਨੇ ਪਹਿਲਾਂ ਇਸ ਨੌਕਰ ਨੂੰ ਨੌਕਰੀ ’ਤੇ ਰੱਖਿਆ ਸੀ। ਪਰਿਵਾਰ ਨੇ ਉਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਸ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਕਰਵਾਈ। ਜਿਸ ਕਾਰਨ ਉਸ ਦੀ ਫੋਟੋ ਜਾਂ ਹੋਰ ਦਸਤਾਵੇਜ਼ ਲੱਭਣਾ ਮੁਸ਼ਕਿਲ ਹੋ ਗਿਆ। ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮ ਦਾ ਦਿੱਲੀ ਤੱਕ ਪਤਾ ਲੱਗਾ ਸੀ। ਦਿੱਲੀ ਪੁਲਿਸ ਦੀ ਮਦਦ ਨਾਲ ਪੜ੍ਹਪੜ੍ਹ ਗੰਜ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਲੁਧਿਆਣਾ ਲੈ ਕੇ ਆਵੇਗੀ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish