A fire broke : ਜਲੰਧਰ : ਅੱਜ ਸਵੇਰੇ ਲਗਭਗ 9.15 ਵਜੇ ਨਗਰ ਨਿਗਮ ਦਫਤਰ ਦੀ ਤੀਜੀ ਮੰਜ਼ਿਲ ਸਥਿਤ ਪੈਨਸ਼ਨ ਬ੍ਰਾਂਚ ‘ਚ ਅੱਗ ਲੱਗ ਗਈ। ਛੱਤ ਦੀ ਡਾਊਨ ਸੀਲਿੰਗ ‘ਚ ਧੂੰਆਂ ਨਿਕਲਦਿਆਂ ਦੇਖਿਆ ਗਿਆ ਜਿਸ ਨਾਲ ਮੁਲਾਜ਼ਮਾਂ ‘ਚ ਹਫੜਾ-ਦਫੜੀ ਮਚ ਗਈ ਤੇ ਉਹ ਤੁਰੰਤ ਜਾਨ ਬਚਾਉਣ ਲਈ ਬਾਹਰ ਵੱਲ ਨੂੰ ਦੌੜੇ। ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦਫਤਰ ‘ਚ ਫੋਨ ਕੀਤਾ ਗਿਆ। ਲਗਭਗ 15 ਮਿੰਟ ‘ਚ ਹੀ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ‘ਤੇ ਪੁੱਜੀਆਂ ਤੇ ਉਨ੍ਹਾਂ ਨੇ ਅੱਗ ‘ਤੇ ਕਾਬੂ ਪਾ ਲਿਆ। ਅੱਗ ਲੱਗਣ ਨਾਲ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ ਹੈ ਪਰ ਕਮਰਿਆਂ ‘ਚ ਧੂੰਆਂ ਚਲਾ ਗਿਆ ਸੀ ਜਿਸ ਕਾਰਨ ਮੁਲਾਜ਼ਮਾਂ ਨੂੰ ਬਚਣ ਵਾਸਤੇ ਬਾਹਰ ਵੱਲ ਨੂੰ ਭੱਜਣਾ ਪਿਆ। ਨਗਰ ਨਿਗਮ ਦਫਤਰ ‘ਚੋਂ ਧੂੰਆਂ ਨਿਕਲਦੇ ਦੇਖ ਕੇ ਬਾਹਰ ਵੀ ਕਾਫੀ ਲੋਕ ਇੱਕਠੇ ਹੋ ਗਏ ਸਨ।
ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਨਗਰ ਨਿਗਮ ‘ਚ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਪਿਛਲੇ ਸਾਲ ਬਿਲਡਿੰਗ ਬ੍ਰਾਂਚ ਦੇ ਰਿਕਾਰਡ ਰੂਮ ‘ਚ ਅੱਗ ਲੱਗ ਗਈ ਸੀ। ਦੀਵਾਲੀ ਤੋਂ ਪਹਿਲਾਂ ਫਾਇਰਬ੍ਰਿਗੇਡ ਦਾ ਦਸਤਾ ਪੂਰੀ ਤਰ੍ਹਾਂ ਤੋਂ ਅਲਰਟ ਰਹਿੰਦਾ ਹੈ ਅਤੇ ਮੌਕੇ ‘ਤੇ ਜਲਦ ਹੀ ਪੁੱਜ ਜਾਂਦਾ ਹੈ। ਨਿਗਮ ਦਫਤਰ ‘ਚ ਅੱਗ ਨੂੰ ਬੁਝਾਉਣ ਦੇ ਵਾਜ੍ਹਬ ਇੰਤਜ਼ਾਮ ਸਨ ਜਿਸ ਕਾਰਨ ਅੱਗ ‘ਤੇ ਜਲਦ ਹੀ ਕਾਬੂ ਪਾ ਲਿਆ ਗਿਆ। ਉਂਝ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਲੱਗਣ ਦੇ ਵਿਸਤ੍ਰਿਤ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਜਲੰਧਰ ਨਗਰ ਨਿਗਮ ਦੇ ਦਫਤਰ ‘ਚ ਅੱਗ ਲੱਗਣ ਦੀ ਘਟਨਾ ਘਟ ਚੁੱਕੀ ਹੈ। ਇਸ ਤੋਂ ਪਹਿਲਾਂ ਰਿਕਾਰਡ ਰੂਮ ‘ਚ ਅੱਗ ਲੱਗੀ ਸੀ, ਜਿਸ ਨਾਲ ਕਾਫੀ ਨੁਕਸਾਨ ਹੋ ਗਿਆ ਸੀ। ਜੇਕਰ ਅੱਗ ‘ਤੇ ਛੇਤੀ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਗਨੀਮਤ ਰਹੀ ਕਿ ਅੱਗ ‘ਤੇ ਜਲਦੀ ਹੀ ਕਾਬੂ ਪਾ ਲਿਆ ਗਿਆ।