A heart-wrenching : ਕਪੂਰਥਲਾ : ਥਾਣਾ ਸੁਭਾਨਪੁਰ ਤੋਂ ਢਾਈ ਕਿਲੋਮੀਟਰ ਦੂਰ ਪਿੰਡ ਤਾਜਪੁਰ ਵਿਖੇ ਇੱਕ ਰੂਹ ਨੂੰ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਨਵਜੰਮੇ ਮਾਸੂਮ ਨੂੰ ਪਲਾਸਟਿਕ ਦੇ ਲਿਫਾਫੇ ‘ਚ ਪਾ ਕੇ ਸੁੱਟ ਦਿੱਤਾ ਗਿਆ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸਨੂੰ ਪਿੰਡ ਦੇ ਛੱਪੜ ਨੇੜੇ ਕੁੱਤਿਆਂ ਨੂੰ ਨੋਚਣ ਲਈ ਪਲਾਸਟਿਕ ਦੇ ਲਿਫਾਫੇ ਵਿੱਚ ਸੁੱਟ ਦਿੱਤਾ ਗਿਆ। ਇੰਝ ਲੱਗ ਰਿਹਾ ਹੈ ਕਿ ਬੱਚਾ ਦਾ ਜਨਮ ਅਜੇ ਹੀ ਹੋਇਆ ਹੈ ਤੇ ਉਹ ਇਕ ਮੇਲ ਬੱਚਾ ਹੈ। ਇਹ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ 3 ਮਾਰਚ 2019 ਨੂੰ ਮਾਸੂਮ ਲੜਕੀ ਨੂੰ ਵੀ ਪਿੰਡ ਅਰਾਈਆਂਵਾਲ ਵਿੱਚ ਜਨਮ ਤੋਂ ਬਾਅਦ ਕੂੜੇ ਦੇ ਢੇਰ ‘ਤੇ ਸੁੱਟ ਦਿੱਤਾ ਗਿਆ ਸੀ। ਕੁੱਤਿਆਂ ਨੇ ਲੜਕੀ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ। ਦੋਵੇਂ ਬਾਹਾਂ ਨੋਚ ਲਈਆਂ ਹਨ। ਲੜਕੀ ਨੂੰ ਕਿਸਨੇ ਸੁੱਟਿਆ ਸੀ, ਇਹ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਇਕ ਸਾਲ ਵਿਚ ਹੁਣ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ।
ਸੁਭਾਨਪੁਰ ਦੇ ਐਸਐਚਓ ਬਿਕਰਮਜੀਤ ਸਿੰਘ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਫੋਨ ਆਇਆ ਕਿ ਪਿੰਡ ਤਾਜਪੁਰ ਵਿੱਚ ਛੱਪੜ ਕੰਢੇ ਸੁੱਟੇ ਬੱਚੇ ਨੂੰ ਕੁੱਤੇ ਨੋਚ ਰਹੇ ਸਨ। ਜਦੋਂ ਇਸਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੱਚਾ ਲੜਕਾ ਸੀ। ਬੱਚੇ ਦੀ ਸੱਜੀ ਲੱਤ ਕੁੱਤੇ ਪੂਰੀ ਤਰ੍ਹਾਂ ਨੋਚ ਚੁੱਕੇ ਸਨ ਅਤੇ ਖੱਬੀ ਲੱਤ ਅੱਧੀ ਅਤੇ ਖੱਬਾ ਹੱਥ ਅੱਧਾ ਕੁੱਤੇ ਨੋਚ ਗਏ ਸਨ। ਉਨ੍ਹਾਂ ਨੇ ਤੁਰੰਤ ਭਰੂਣ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ, ਕਪੂਰਥਲਾ ਵਿੱਚ ਰਖਵਾ ਦਿੱਤਾ। ਜਿੱਥੋਂ ਉਸਨੂੰ ਪੋਸਟ ਮਾਰਟਮ ਅਤੇ ਡੀ ਐਨ ਏ ਟੈਸਟ ਲਈ ਅੰਮ੍ਰਿਤਸਰ ਦੀ ਸਰਕਾਰੀ ਪ੍ਰਯੋਗਸ਼ਾਲਾ ਭੇਜਿਆ ਜਾਵੇਗਾ। ਪੁਲਿਸ ਜਾਂਚ ‘ਚ ਲੱਗੀ ਹੋਈ ਹੈ ਕਿ ਪਿੰਡ ਦੀ ਕਿਸ ਔਰਤ ਨੇ ਇਸ ਬੱਚੇ ਨੂੰ ਸੁੱਟਿਆ ਹੈ। ਨਰਸਿੰਗ ਹੋਮ ਅਤੇ ਪ੍ਰਾਈਵੇਟ ਹਸਪਤਾਲ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਅਸਲ ‘ਚ ਜਨਮ ਦੇ ਕੇ ਮਰਨ ਲਈ ਸੁੱਟਣ ਵਾਲਿਆਂ ਨੂੰ ਅਸੀਂ ਨਾ ਤਾਂ ਮਾਂ ਕਹਾਂਗੇ ਤੇ ਨਾ ਹੀ ਪਿਤਾ। ਸਮਾਜ ਦੀਆਂ ਨਜ਼ਰਾਂ ‘ਚ ਅਜਿਹੇ ਲੋਕ ਅਪਰਾਧੀ ਹਨ।