A month before : ਜਲੰਧਰ : ਵਿਦੇਸ਼ਾਂ ‘ਚ ਨੌਜਵਾਨ ਲੜਕੇ-ਲੜਕੀਆਂ ਬਹੁਤ ਸਾਰੇ ਸੁਪਨੇ ਲੈ ਕੇ ਜਾਂਦੇ ਹਨ। ਅਜਿਹਾ ਇੱਕ ਸੁਪਨਾ ਪੂਰਾ ਕਰਨ ਲਈ ਜਲੰਧਰ ਦੀ ਇੱਕ ਗਰੀਬ ਪਰਿਵਾਰ ਦੀ ਮੀਨੂੰ ਦੁਬਈ ਗਈ ਸੀ ਪਰ ਪਰਿਵਾਰ ‘ਤੇ ਉਸ ਸਮੇਂ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਨੂੰ ਆਪਣੀ ਧੀ ਦੀ ਮੌਤ ਦੀ ਖਬਰ ਮਿਲੀ ਜੋ ਇੱਕ ਮਹੀਨਾ ਪਹਿਲਾਂ ਦੁਬਈ ਵਿਚ ਕੰਮ ਕਰਨ ਗਈ ਸੀ। ਪਤਾ ਲੱਗਾ ਹੈ ਕਿ ਮੀਨੂੰ ਨਾਂ ਦੀ ਲੜਕੀ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ਾਂ ਵਿਚ ਪੈਸੇ ਕਮਾਉਣ ਗਈ ਸੀ। ਉਸ ਨੂੰ ਉਥੇ ਬਿਊਟੀ ਪਾਰਲਰ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਕਿ ਮੀਨੂੰ ਸਹੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰਦੀ, ਉਹ ਬੀਮਾਰ ਹੋ ਗਈ। ਬਾਅਦ ਵਿਚ, ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਜਾਂਚ ਦੇ ਬਾਅਦ ਹੀ ਮੌਤ ਦੇ ਸਪੱਸ਼ਟ ਕਾਰਨਾਂ ਦਾ ਪਤਾ ਲੱਗ ਸਕੇਗਾ।
ਮੀਨੂੰ ਦੀ ਮੌਤ ਤੋਂ ਬਾਅਦ, ਦੁਬਈ ਸਥਿਤ ਭਾਰਤੀ ਕਾਂਸੂਲੇਟ ਨੇ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਨਾਲ ਸੰਪਰਕ ਕੀਤਾ ਅਤੇ ਜਲੰਧਰ ਵਿੱਚ ਲੜਕੀ ਦੇ ਪਰਿਵਾਰ ਦੀ ਖੋਜਬੀਣ ‘ਚ ਮਦਦ ਕੀਤੀ। ਸੁਸਾਇਟੀ ਦੇ ਪਰਮਜੀਤ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਮੀਨੂੰ ਦੇ ਘਰ ਉਸਦੀ ਬੁੱਢੀ ਮਾਂ ਤੋਂ ਇਲਾਵਾ ਕੋਈ ਨਹੀਂ ਹੈ।
ਪਰਿਵਾਰ ਬਹੁਤ ਗਰੀਬ ਹੈ। ਇਸ ਤੋਂ ਬਾਅਦ ਮੀਨੂੰ ਦੀ ਮ੍ਰਿਤਕ ਦੇਹ ਨੂੰ ਸਰਬੱਤ ਦਾ ਭਲਾ ਸੁਸਾਇਟੀ ਦੀ ਸਹਾਇਤਾ ਨਾਲ ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਲਿਆਂਦਾ ਗਿਆ ਅਤੇ ਉੱਥੋਂ ਫਿਰ ਤੋਂ ਜਲੰਧਰ ਲਿਆਂਦਾ ਗਿਆ। ਮੀਨੂੰ ਦੀ ਲਾਸ਼ ਵੇਖ ਕੇ ਉਸਦੀ ਮਾਂ ਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਅੱਜ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਸੁਸਾਇਟੀ ਦੇ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਨੇ ਮੀਨੂੰ ਦੇ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਹੈ।