AAP wins 27 : ਗੁਜਰਾਤ MC ਚੋਣਾਂ ‘ਚ ਆਮ ਆਦਮੀ ਪਾਰਟੀ ਨੇ 27 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ। ਗੁਜਰਾਤ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਸੀ ਪਰ ਹੁਣ ਭਾਜਪਾ ‘ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਗੇ ਚੋਣ ਨਤੀਜਿਆਂ ਲਈ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀ ਰਾਜਨੀਤੀ ਤੋਂ ਨਰਾਜ਼ ਸਨ। ਗੁਜਰਾਤ ਦੇ ਲੋਕਾਂ ਨੂੰ ਇਕ ਬਦਲਾਅ ਚਾਹੀਦਾ ਸੀ ਅਤੇ ਆਮ ਆਦਮੀ ਪਾਰਟੀ ਨੂੰ ਚੁਣ ਕੇ ਉਨ੍ਹਾਂ ਨੇ ਇਹ ਬਦਲਾਅ ਕੀਤਾ ਹੈ। ਸੂਰਤ ਨਗਰ ਨਿਗਮ ਵਿੱਚ ਤਾਂ ਪਾਰਟੀ ਦੂਜੇ ਸਥਾਨ ਉਤੇ ਰਹੀ। ਸੂਰਤ ਵਿੱਚ ਕਾਂਗਰਸ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਵੀ ਗੁਜਰਾਤ ‘ਚ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਗੁਜਰਾਤ ਵਿਚ ਰਾਜਨੀਤੀ ਦਾ ਅੰਤ ਹੋ ਗਿਆ ਹੈ। ਹੁਣ ਸਿਰਫ ਜਨਤਾ ਦੇ ਮੁੱਦਿਆਂ ਦੀ ਰਾਜਨੀਤੀ ਚਲੇਗੀ। ਅਸੀਂ ਜਨਤਾ ਦੇ ਮੁੱਦਿਆਂ ਨੂੰ ਸੜਕ ਤੋਂ ਲੈ ਕੇ ਸੰਸਦ ਤੱਕ ਚੁੱਕਾਂਗੇ। ਗੁਜਰਾਤ ਦੇ ਲੋਕ ‘ਆਪ’ ਉਮੀਦਵਾਰਾਂ ਦਾ ਕਾਫੀ ਸਮਰਥਨ ਕਰ ਰਹੇ ਸਨ। ਚੋਣਾਂ ਦੇ ਨਤੀਜੇ ਨੇ ਸਪੱਸ਼ਟ ਕਰ ਦਿੱਤਾ ਕਿ ਗੁਜਰਾਤ ਦੇ ਕੁਝ ਨਵਾਂ ਚਾਹੁੰਦੇ ਹਨ। ਇਸੇ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ।
ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਵਿਚ ਰਾਸ਼ਟਰੀ ਪੱਧਰ ਉੱਤੇ ਇਕ ਮਜ਼ਬੂਤ ਸੰਗਠਨ ਤਿਆਰ ਕਰੇਗੀ ਅਤੇ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਗੁਜਰਾਤ ਨਗਰ ਨਿਗਮ ਚੋਣਾਂ ਦੇ ਨਤੀਜੇ ਸੂਬੇ ਵਿੱਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਕਾਫੀ ਫਾਇਦੇਮੰਦ ਸਿੱਧ ਹੋ ਸਕਦੀਆਂ ਹਨ। ਪੰਜਾਬ ‘ਚ ਹੁਣੇ ਜਿਹੇ ਹੋਈਆਂ ਲੋਕਲ ਬਾਡੀਜ਼ ਚੋਣਾਂ ‘ਚ ਆਪ ਨੇ 60 ਸੀਟਾਂ ਹਾਸਲ ਕੀਤੀਆਂ ਹਨ।