Air India’s 3 : ਅੰਮ੍ਰਿਤਸਰ : ਪੰਜਾਬ ‘ਚ ਕੋਰੋਨਾ ਕਾਰਨ ਬਹੁਤ ਦੇਰ ਤੋਂ ਹਵਾਈ ਉਡਾਨਾਂ ਬੰਦ ਸਨ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਇਸੇ ਦਰਮਿਆਨ ਧਾਰਮਿਕ ਥਾਵਾਂ ਦੇ ਦਰਸ਼ਨ ਕਰਨ ਦੇ ਇੱਛੁਕ ਸ਼ਰਧਾਲੂਆਂ ਲਈ ਚੰਗੀ ਖਬਰ ਆਈ ਹੈ। ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ-ਅੰਮ੍ਰਿਤਸਰ-ਹਜ਼ੂਰ ਸਾਹਿਬ-ਨਾਂਦੇੜ ਲਈ ਏਅਰ ਇੰਡੀਆ ਦੀਆਂ 3 ਹਵਾਈ ਉਡਾਨਾਂ ਅੱਜ ਤੋਂ ਸ਼ੁਰੂ ਹੋਣਗੀਆਂ। ਇਨ੍ਹਾਂ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਧਾਰਮਿਕ ਥਾਵਾਂ ਦੀ ਯਾਤਰਾ ਕਰਨੀ ਸ਼ਰਧਾਲੂਆਂ ਲਈ ਆਸਾਨ ਹੋ ਜਾਵੇਗੀ ਤੇ ਉਹ ਇਨ੍ਹਾਂ ਹਵਾਈ ਸੇਵਾਵਾਂ ਦਾ ਲਾਭ ਉਠਾ ਸਕਣਗੇ। ਇਹ ਹਵਾਈ ਉਡਾਨਾਂ ਹਫਤੇ ‘ਚ 3 ਦਿਨ ਮਤਲਬ ਮੰਗਲਵਾਰ, ਬੁੱਧਵਾਰ ਤੇ ਸ਼ਨੀਵਾਰ ਹੋਣਗੀਆਂ। ਇਹ ਉਡਾਨਾਂ ਦਿੱਲੀ ਤੋਂ 5.55 ਵਜੇ ਸ਼ੁਰੂ ਹੋਣਗੀਆਂ ਤੇ ਸਵੇਰੇ 7.10 ਵਜੇ ਅੰਮ੍ਰਿਤਸਰ ਪੁੱਜਣਗੀਆਂ।
ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਸਵੇਰੇ 8.10 ਵਜੇ ਸ਼ੁਰੂ ਹੋ ਕੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਵੇਰੇ 10.45 ਵਜੇ ਪੁੱਜਣਗੀਆਂ ਅਤੇ ਵਾਪਸ ਸ੍ਰੀ ਹਜ਼ੂਰ ਸਾਹਿਬ ਤੋਂ ਸਵੇਰੇ 11.45 ਵਜੇ ਰਵਾਨਾ ਹੋ ਕੇ 2.20 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਣਗੀਆਂ ਤੇ 3.20 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 4.45 ਵਜੇ ਦਿੱਲੀ ਪੁੱਜਣਗੀਆਂ। ਇਨ੍ਹਾਂ ਹਵਾਈ ਉਡਾਨਾਂ ਦੇ ਸ਼ੁਰੂ ਹੋਣ ਨਾਲ ਸ਼ਰਧਾਲੂਆਂ ਦਾ ਸਮਾਂ ਬਚੇਗਾ ਤੇ ਨਾਲ ਹੀ ਉਹ ਆਸਾਨੀ ਨਾਲ ਧਾਰਮਿਕ ਥਾਵਾਂ ‘ਤੇ ਮੱਥਾ ਟੇਕ ਸਕਣਗੇ।