Akali Dal alleged Captain : ਚੰਡੀਗੜ੍ਹ : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਪੂਰਾ ਵਿਰੋਧੀ ਧਿਰ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ ਲਾਮਬੰਦ ਹੋ ਗਿਆ ਹੈ। ਵਿਰੋਧੀ ਧਿਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਸਰਕਾਰ ਅਤੇ ਕੈਪਟਨ ਦੇ ਬਚਾਅ ਵਿਚ ਆਏ ਕੈਬਨਿਟ ਮੰਤਰੀਆਂ ‘ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦੀਆਂ ਜੜ੍ਹਾਂ ਮੁੱਖ ਮੰਤਰੀ ਦਫਤਰ (CMO) ਨਾਲ ਜੁੜੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਨਾਜਾਇਜ਼ ਸ਼ਰਾਬ ਦੀਆਂ ਜੜ੍ਹਾਂ ਮੁੱਖ ਮੰਤਰੀ ਦਫਤਰ ਨਾਲ ਜੁੜੀਆਂ ਹੋਈਆਂ ਹਨ ਇਸ ਲਈ ਮਾਮਲੇ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਜਾਂ ਸੀਬੀਆਈ ਤੋਂ ਕਰਵਾਉਣਾ ਜ਼ਰੂਰੀ ਹੈ। ਮਾਮਲੇ ਦੇ ਤਾਰ ਕਾਂਗਰਸ ਦੇ ਵਿਧਾਇਕਾਂ ਨਾਲ ਜੁੜੇ ਹਨ ਤਾਂ ਅਜਿਹੇ ਵਿਚ ਪੰਜਾਬ ਪੁਲਿਸ ਨਿਰਪੱਖ ਜਾਂਚ ਨਹੀਂ ਕਰ ਸਕਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਦਾ ਬਚਾਅ ਕਰਨ ਵਾਲੇ ਕੈਬਨਿਟ ਮੰਤਰੀ ਉਦੋਂ ਕਿੱਥੇ ਸੀ ਜਦੋਂ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ। ਰਾਜਪੁਰਾ ਅਤੇ ਖੰਨਾ ਵਿਚ ਫੜੀ ਗਈ ਨਕਲੀ ਸ਼ਰਾਬ ਫੈਕਟਰੀ, ਲੁਧਿਆਣਾ ਵਿਚ ਫੜੀ ਗਈ ਪੈਕਿੰਗ ਫੈਕਟਰੀ ਅਤੇ ਮਾਝਾ ਵਿਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਕਾਂਗਰਸ ਦੇ ਵਿਧਾਇਕਾਂ ਦਾ ਹੀ ਨਾਂ ਆ ਰਿਹਾ ਹੈ।
ਉਧਰ ‘ਆਪ‘ ਦੇ ਸੀਨੀਅਰ ਨੇਤਾ ਹਰਪਲਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਢੇ ਤਿੰਨ ਸਾਲ ਦੇ ਦਫਤਰ ਵਿਚ ਘਪਲੇ ਅਤੇ ਹੋਰ ਵੱਡੇ ਮਾਮਲੇ ਵਿਚ ਪਰਦਾ ਪਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ। ਬੇਅਦਬੀ ਮਾਮਲਾ ਹੋਵੇ ਜਾਂ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ, ਮੁੱਖ ਮੰਤਰੀ ਨੇ ਸਿਰਫ ਸਪੈਸ਼ਲ ਜਾਂਚ ਟੀਮ (ਸਿਟ) ਗਠਿਤ ਕਰਕੇ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਹੁਣ ਤੱਕ ਕਿਸ ਮਾਮਲੇ ਜਾਂ ਘਪਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਦੀ ਸਜ਼ਾ ਯਕੀਨੀ ਬਣਾਈ ਗਈ ਹੈ। ਚੀਮਾ ਨੇ ਅਰਵਿੰਦ ਕੇਜਰੀਵਾਲ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ‘ਤੇ ਕੈਪਟਨ ਵੱਲੋਂ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਵੀ ਪ੍ਰਗਟਾਇਆ।