At the age : ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਰਾਜਿਆਂ ਨਾਲ ਭੰਗਾਣੀ ਦੇ ਮੈਦਾਨ ‘ਚ ਗਹਿਗੱਚ ਲੜਾਈ ਹੋਈ ਸੀ, ਉਸ ਸਮੇਂ ਸਾਹਿਬਜਾਦਾ ਅਜੀਤ ਸਿੰਘ ਜੀ ਦੀ ਉਮਰ ਪੰਜ ਕੁ ਮਹੀਨਿਆਂ ਦੀ ਸੀ। ਇਸ ਲੜਾਈ ‘ਚ ਗੁਰੂ ਦੀਆਂ ਫ਼ੌਜਾਂ ਦੀ ਮਹਾਨ ਜਿੱਤ ਸਦਕਾ ਸਾਹਿਬਾਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ।
ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ, ਨੂਹ ਰੰਘੜ ਨੇ ਪੋਠੋਹਾਰ ਦੀ ਸੰਗਤ ਨੂੰ ਅਨੰਦਪੁਰ ਆਉਂਦਿਆਂ ਲੁੱਟ ਲਿਆ। ਜਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ (12 ਸਾਲ ਦੀ ਓੁਮਰ ਵਿੱਚ) ਉਸ ਹੰਕਾਰੀ ਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ। 23 ਮਈ 1699 ਨੂੰ 12 ਸਾਲ ਦੀ ਉਮਰ ‘ਚ ਸਾਹਿਬਜ਼ਾਦਾ ਅਜੀਤ ਸਿੰਘ ਜੀ 100 ਸਿੰਘਾਂ ਦੇ ਜੱਥੇ ਸਮੇਤ ਰਵਾਨਾ ਹੋਏ ਅਤੇ ਜਿੱਤ ਹਾਸਿਲ ਕਰ ਕੇ ਪਰਤੇ। 29 ਅਗਸਤ 1700 ਨੂੰ ਜਦੋਂ ਪਹਾੜੀ ਰਾਜਿਆਂ ਵੱਲੋਂ ਆਨੰਦਪੁਰ ਸਾਹਿਬ ‘ਤੇ ਹਮਲੇ ਵੇਲੇ ਵੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਾਰਾਗੜ ਅਤੇ ਨਿਰਮੋਹਗੜ ਦੇ ਕਿਲੇ ਦੀ ਜ਼ਿੰਮੇਦਾਰੀ ਸੌੰਪੀ ਗਈ। ਆਪ ਜੀ ਨੇ ਸੂਰਬੀਰਤਾ ਨਾਲ ਮੁਕਾਬਲਾ ਕਰਦੇ ਹੋਏ ਜਿੱਤ ਹਾਸਿਲ ਕੀਤੀ ਅਤੇ ਦੁਸ਼ਮਣਾਂ ਦੀਆਂ ਫੌਜਾਂ ਨੂੰ ਮਾਰ ਭਜਾਇਆ।
ਇਕ ਦਿਨ ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਸੀ। ਇਕ ਗ਼ਰੀਬ ਬ੍ਰਾਹਮਣ ਦੇਵਦਾਸ ਰੋਂਦਾ-ਕੁਰਲਾਉਂਦਾ ਆਇਆ ਤੇ ਕਹਿਣ ਲੱਗਾ, ‘ਮੈਂ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਹਾਂ। ਪਿੰਡ ਦੇ ਪਠਾਣਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ। ਮੇਰੀ ਕੁੱਟਮਾਰ ਕਰ ਕੇ ਮੇਰੀ ਪਤਨੀ ਵੀ ਮੇਰੇ ਕੋਲੋਂ ਖੋਹ ਲਈ ਹੈ। ਹੋਰ ਕਿਸੇ ਨੇ ਮੇਰੀ ਫਰਿਆਦ ਵੱਲ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਦਾ ਦਰ ਹਮੇਸ਼ਾ ਨਿਮਾਣਿਆਂ ਦਾ ਮਾਣ ਬਣਦਾ ਆ ਰਿਹਾ ਹੈ, ਸੋ ਕਿਰਪਾ ਕਰੋ ਮੇਰੀ ਇੱਜ਼ਤ ਮੈਨੂੰ ਵਾਪਸ ਦਿਵਾ ਦਿਉ। ਮੈਂ ਸਦਾ ਵਾਸਤੇ ਗੁਰੂ ਨਾਨਕ ਦੇ ਘਰ ਦਾ ਰਿਣੀ ਰਹਾਂਗਾ।” ਗੁਰੂ ਸਾਹਿਬ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਹੋਰ ਸਿੰਘਾਂ ਨੂੰ ਨਾਲ ਲੈ ਕੇ ਜਾਬਰ ਖ਼ਾਂ ਤੋਂ ਦੇਵਦਾਸ ਦੀ ਪਤਨੀ ਨੂੰ ਛੁਡਾ ਕੇ ਲਿਆਉਣ ਦਾ ਹੁਕੁਮ ਦਿੱਤਾ ਜਿਸ ਉਪਰੰਤ ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਘੋੜ ਸਵਾਰ ਸਿੰਘਾਂ ਦਾ ਜਥਾ ਨਾਲ ਲੈ ਕੇ ਬੱਸੀ ਪਿੰਡ ‘ਤੇ ਧਾਵਾ ਬੋਲ ਦਿੱਤਾ। ਉਨ੍ਹਾਂ ਜਾਬਰ ਖ਼ਾਂ ਦੀ ਹਵੇਲੀ ਨੂੰ ਘੇਰ ਲਿਆ ਤੇ ਗ਼ਰੀਬ ਬ੍ਰਾਹਮਣ ਦੀ ਪਤਨੀ ਨੂੰ ਜ਼ਾਲਮ ਦੇ ਪੰਜੇ ‘ਚੋਂ ਛੁਡਾ ਲਿਆ ਅਤੇ ਜਾਬਰ ਖ਼ਾਂ ਨੂੰ ਢੁਕਵੀਂ ਸਜ਼ਾ ਦਿੱਤੀ।
ਸਰਸਾ ਨਦੀ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਨਦੀ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਇਥੇ ਹੀ ਪਰਿਵਾਰ ਵਿਛੋੜਾ ਪੈ ਗਿਆ ਅਤੇ ਛੋਟੇ ਸਾਹਿਬਜ਼ਾਦੇ (ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ) ਅਤੇ ਮਾਤਾ ਗੁਜਰ ਕੌਰ ਜੀ ਵੱਖ ਹੋ ਗਏ। ਗੁਰੂ ਸਾਹਿਬ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਕੱਚੀ ਗੜ੍ਹੀ, ਹਵੇਲੀ ਸੀ ਜਿਸ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ, ਘਮਾਸਾਨ ਯੁੱਧ ਹੋਇਆ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਸੂਰਬੀਰਤਾ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਸ਼ਹੀਦ ਹੋ ਗਏ।