Athlete GurAmrit Singh : ਕਿਸਾਨੀ ਅੰਦੋਲਨ ਦਾ ਅੱਜ 44ਵਾਂ ਦਿਨ ਹੈ, ਸੱਤ ਗੇੜ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਡੈੱਡਲਾਕ ਬਣਿਆ ਹੋਇਆ ਹੈ। ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨਾ ਚਾਹੁੰਦੀ ਹੈ ਤਾਂ ਕਿਸਾਨ ਇਨ੍ਹਾਂ ਨੂੰ ਰੱਦ ਕਰਵਾਉਣ ‘ਤੇ ਅੜੇ ਹੋਏ ਹਨ। ਕਿਸਾਨਾਂ ਨੂੰ ਅੰਦੋਲਨ ਵਿੱਚ ਲਗਾਤਾਰ ਸਮਰਥਨ ਮਿਲ ਰਿਹਾ ਹੈ। ਹਰ ਕੋਈ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਦਾ ਸਾਥ ਦੇ ਰਿਹਾ ਹੈ ਤੇ ਉਨ੍ਹਾਂ ਦੇ ਸਮਰਥਨ ਲਈ ਅੱਗੇ ਆ ਰਿਹਾ ਹੈ।
ਕਿਸਾਨ ਦੀ ਹਮਾਇਤ ‘ਚ ਪਿੰਡ ਮਹਿਮਾ ਦਾ ਐਥਲੀਟ ਗੁਰਅੰਮ੍ਰਿਤ ਸਿੰਘ (24) ਵੀਰਵਾਰ ਸਿੰਘੂ ਸਰਹੱਦ ਵੱਲ ਦੌੜ ਲਗਾ ਕੇ ਜਾਣ ਲਈ ਰਵਾਨਾ ਹੋਇਆ। ਉਸਨੇ ਆਪਣੀ ਦੌੜ ਦੀ ਸ਼ੁਰੂਆਤ ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਕੀਤੀ। ਪ੍ਰਤੀ ਦਿਨ ਸਵੇਰੇ 4 ਵਜੇ ਤੋਂ ਸ਼ਾਮ 6 ਵਜੇ ਤਕ ਚੱਲ ਕੇ ਉਹ ਲਗਭਗ 100 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰੇਗਾ। ਸਿੰਘੂ ਸਰਹੱਦ ‘ਤੇ 425 ਕਿਲੋਮੀਟਰ ਦਾ ਸਫਰ ਤੈਅ ਕਰਨ ਵਿਚ 4 ਦਿਨ ਲੱਗਣਗੇ। ਇਹ ਨੌਜਵਾਨ ਫਿਰੋਜ਼ਪੁਰ ਤੋਂ ਤੁਰ ਕੇ ਮੋਗਾ, ਲੁਧਿਆਣਾ, ਅੰਬਾਲਾ, ਕਰਨਾਲ ਅਤੇ ਪਾਣੀਪਤ ਦੇ ਰਸਤੇ ਸਿੰਘੂ ਬਾਰਡਰ ‘ਤੇ ਪਹੁੰਚੇਗਾ। ਗੁਰਅੰਮ੍ਰਿਤ 6 ਸਟੇਟਾਂ ਦੀਆਂ ਮੈਰਾਥਨਾਂ ਵਿੱਚ ਹਿੱਸਾ ਲੈ ਚੁੱਕਾ ਹੈ।
ਦੱਸ ਦੇਈਏ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਅੱਜ ਇੱਕ ਵਾਰ ਫਿਰ ਗੱਲਬਾਤ ਦਾ ਦੌਰ ਚੱਲੇਗਾ। ਕੱਲ੍ਹ ਕਿਸਾਨਾਂ ਨੇ ਟਰੈਕਟਰ ਰੈਲੀ ਰਾਹੀਂ ਆਪਣੀ ਤਾਕਤ ਦਿਖਾਈ । ਜੇਕਰ ਅੱਜ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਕਿਸਾਨ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣਗੇ। ਸਰਕਾਰ ਵੀ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਕਿਸਾਨਾਂ ਨੂੰ ਮਨਾਉਣ ਲੱਗੀ ਹੋਈ ਹੈ, ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਕੰਪਿਊਟਰਾਈਜ਼ਡ ਕਾਲਜ਼ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਜਾ ਰਹੇ ਹਨ। ਉਥੇ ਹੀ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਕੱਲ੍ਹ ਕੁੰਡਲੀ-ਮਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ ਵੇਅ ‘ਤੇ ਟਰੈਕਟਰ ਮਾਰਚ ਕੱਢਿਆ ਗਿਆ।