Baba Banda Bahadur : 1708 ਈ. ‘ਚ ਮਾਧੋ ਦਾਸ ਦੀ ਮੁਲਾਕਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ।
ਬਾਬਾ ਬੰਦਾ ਬਹਾਦਰ ਇਤਿਹਾਸ ‘ਚ ਇਕ ਨਾ ਭੁਲਣ ਵਾਲਾ ਉਹ ਮਹਾਨ ਜਰਨੈਲ ਸੀ ਜਿਸਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ਼ ਹਕੂਮਤ ਨਾਲ ਟੱਕਰ ਲੈਕੇ ਮੁਗਲ ਸਮਰਾਜ ਦੀਆਂ ਜੜ੍ਹਾਂ ਹਿਲਾ ਦਿਤੀਆਂ। ਜਿਸਨੇ ਪੰਜਾਬ ਦੀ ਧਰਤੀ ਤੇ ਤਕਰੀਬਨ 8 ਸਾਲ ਆਪਣੇ ਘੋੜਿਆਂ ਦੀਆਂ ਪੈੜਾਂ ਦੇ ਨਿਸ਼ਾਨ ਛਡੇ ਤੇ ਪੰਜਾਬ ਵਿਚ ਸਿਖ ਕੋਮ ਨੂੰ ਥੋੜ੍ਹੇ ਸਮੇ ‘ਚ ਹੀ ਇਕ ਜ਼ਬਰਦਸਤ ਰਾਜਨੀਤਕ ਤਾਕਤ ਵਿਚ ਬਦਲ ਕੇ ਰਖ ਦਿਤਾ। ਬੰਦਾ ਬਹਾਦਰ ਦੀ 1709-1716, ਸਤ ਸਾਲ ਦੀ ਅਗਵਾਈ ਨੇ ਸਉਥ ਏਸ਼ੀਆ ਦੀ ਸਭ ਤੋਂ ਵਡੇ ਮੁਗਲ ਸਮਰਾਜ ਦੀਆ ਨੀਹਾਂ ਖੋਖਲੀਆਂ ਕਰ ਦਿਤੀਆਂ।
ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਉਸ ਨੇ ਖੰਡਾ ਵੱਲ ਮਾਰਚ ਕੀਤਾ ਅਤੇ ਸਿੱਖ ਫੌਜ ਦੀ ਸਹਾਇਤਾ ਨਾਲ ਮੁਗਲਾਂ ਨਾਲ ਸੋਨੀਪਤ ਦੀ ਲੜਾਈ ਲੜੀ। 1709 ‘ਚ ਉਨ੍ਹਾਂ ਨੇ ਸਮਾਣਾ ਦੇ ਯੁੱਧ ਵਿਚ ਮੁਗਲਾਂ ਨੂੰ ਹਰਾਇਆ ਅਤੇ ਮੁਗਲ ਸ਼ਹਿਰ ਸਮਾਣਾ ‘ਤੇ ਕਬਜ਼ਾ ਕਰ ਲਿਆ।ਸਮਾਣਾ ‘ਚੋਂ ਮੁਗਲਾਂ ਤੋਂ ਸਿੱਕੇ ਜਬਤ ਕਰਕੇ ਸਿੱਖ ਆਰਥਿਕ ਤੌਰ ‘ਤੇ ਸਥਿਰ ਹੋ ਗਏ। ਸਿੱਖਾਂ ਨੇ ਜਲਦੀ ਹੀ ਮੁਸਤਫਾਬਾਦ ਅਤੇ ਸਾਧੋਰਾ (ਨੇੜੇ ਜਗਾਧਰੀ) ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਫਿਰ ਸਿੱਖਾਂ ਨੇ ਮਲੇਰਕੋਟਲਾ ਅਤੇ ਨਾਹਨ ਸਮੇਤ ਪੰਜਾਬ ਦੇ ਸੀਸ-ਸਤਲੁਜ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। 12 ਮਈ 1710 ਨੂੰ ਚੱਪੜਚਿੜੀ ਦੇ ਯੁੱਧ ਵਿਚ ਸਿੱਖਾਂ ਨੇ ਸਰਹਿੰਦ ਦੇ ਰਾਜਪਾਲ ਵਜ਼ੀਰ ਖ਼ਾਨ ਅਤੇ ਦੀਵਾਨ ਸੁਚਾਨੰਦ ਨੂੰ ਮਾਰ ਦਿੱਤਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਬੱਚਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸਨ। ਦੋ ਦਿਨਾਂ ਬਾਅਦ ਸਿੱਖਾਂ ਨੇ ਸਰਹਿੰਦ ਉੱਤੇ ਕਬਜ਼ਾ ਕਰ ਲਿਆ।ਬੰਦਾ ਸਿੰਘ ਦਾ ਕਬਜ਼ਾ ਹੁਣ ਸਤਲੁਜ ਤੋਂ ਯਮੁਨਾ ਤੱਕ ਦੇ ਖੇਤਰ ਵਿਚ ਸੀ ਅਤੇ ਉਸਨੇ ਆਦੇਸ਼ ਦਿੱਤਾ ਕਿ ਜ਼ਮੀਨ ਦੀ ਮਾਲਕੀ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਜੋ ਉਹ ਇੱਜ਼ਤ ਅਤੇ ਸਵੈ-ਮਾਣ ਨਾਲ ਜੀ ਸਕਣ। ਅਖਿਰ ਜੁਲਮ ਤੇ ਅਨਿਆਂ ਦੇ ਖਿਲਾਫ਼ ਜੂਝਦਿਆਂ ਜੂਝਦਿਆਂ ਜੂਨ 1716 ਵਿਚ ਆਪਣੇ 740 ਸਾਥੀਆਂ ਸਮੇਤ ਜਿਸ ਹੋਂਸਲੇ, ਚਾਅ,ਖੇੜੇ ਤੇ ਚੜਦੀ ਕਲਾ ਨਾਲ ਸ਼ਹਾਦਤ ਪਾਈ, ਓਹ ਵੀ ਦੁਨੀਆਂ ਦੀ ਇਕ ਵਿਲਖਣ ਸ਼ਹਾਦਤ ਦੀ ਮਿਸਾਲ ਹੈ ।