Bal Gobind Rai : ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਜਨਮ 13 ਦਸੰਬਰ 1649 ਨੂੰ ਭਾਈ ਸਦਾ ਨੰਦ ਦੇ ਗ੍ਰਹਿ ਮਾਤਾ ਪ੍ਰੇਮੋ ਦੀ ਕੁੱਖੋਂ ਹੋਇਆ। ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਗਏ ਸਨ, ਉਸ ਵੇਲੇ ਭਾਈ ਜੈਤਾ ਜੀ ਨੂੰ ਵੀ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਸਮੇਂ ਸਖਤ ਪਹਿਰਿਆਂ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਭਾਈ ਜੈਤਾ ਜੀ ਨੇ ਚੁੱਕ ਕੇ ਦੁਸ਼ਾਲੇ ਵਿੱਚ ਲਪੇਟ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਮੰਜ਼ਿਲਾਂ ਕੱਟਦੇ ਹੋਏ ਡਰਾਵਣੇ ਜੰਗਲਾਂ ਦੀ ਪ੍ਰਵਾਹ ਨਾ ਕਰਦਿਆਂ ਭਾਈ ਜੈਤਾ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਅਤੇ ਬਾਲ ਗੋਬਿੰਦ ਰਾਏ ਨੂੰ ਸ੍ਰੀ ਆਨੰਦਪੁਰ ਸਾਹਿਬ ਸੀਸ ਲਿਆਉਣ ਬਾਰੇ ਸੁਨੇਹਾ ਭੇਜਿਆ ਗਿਆ। ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਬਾਲ ਗੋਬਿੰਦ ਰਾਏ, ਮਾਤਾ ਗੁਜਰੀ ਜੀ ਸਮੇਤ ਸੰਗਤ ਦੇ ਕੀਰਤਪੁਰ ਸਾਹਿਬ ਪੁੱਜੇ, ਜਿੱਥੇ ਉਹਨਾਂ ਨੇ ਪਵਿੱਤਰ ਸੀਸ ਇੱਕ ਸੁੰਦਰ ਪਾਲਕੀ ਵਿੱਚ ਸਜਾ ਕੇ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ।
ਇਸ ਸਮੇਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਰੰਘਰੇਟੇ ਗੁਰੂ ਕੇ ਬੇਟੇ ਹੋਣ ਦਾ ਵਰ ਦਿੱਤਾ। 1699 ਦੀ ਵਿਸਾਖੀ ਵੇਲੇ ਗੁਰੂ ਸਾਹਿਬ ਨੇ ਚਾਰ ਸਾਹਿਬਜ਼ਾਦਿਆਂ ਸਮੇਤ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾ ਕੇ ਜੈਤਾ ਤੋਂ ਜੀਵਨ ਸਿੰਘ ਨਾਂ ਰੱਖਿਆ। ਉਨ੍ਹਾਂ ਦੇ ਰਿਹਾਇਸ਼ੀ ਅਸਥਾਨ ‘ਤੇ ਅੱਜ ਗੁਰਦੁਆਰਾ ਸਾਹਿਬ ‘ਤਪ ਅਸਾਥਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ’ ਸੁਸ਼ੋਭਿਤ ਹੈ, ਜਿੱਥੇ ਪੁਰਾਤਨ ਨਿਸ਼ਾਨੀਆਂ, ਤੋਸ਼ਾਖ਼ਾਨਾ, ਰਿਹਾਇਸ਼ੀ ਕਮਰਾ, ਪੁਰਾਤਨ ਪੌੜੀਆਂ ਅਸਲੀ ਰੂਪ ‘ਚ ਅੱਜ ਵੀ ਮੌਜੂਦ ਹਨ। ਇਸ ਪਰਿਵਾਰ ਦੀਆਂ ਸ਼ਹਾਦਤਾਂ ਦੀ ਲੜੀ ਦਿੱਲੀ ਚਾਂਦਨੀ ਚੌਕ ਤੋਂ ਸ਼ੁਰੂ ਹੋ ਕੇ ਅਨੰਦਗੜ੍ਹ ਕਿਲ੍ਹਾ, ਸਿਰਸਾ ਦੀ ਜੰਗ ਤੋਂ ਹੁੰਦੀ ਹੋਈ ਚਮਕੌਰ ਦੀ ਗੜ੍ਹੀ ‘ਚ ਜਾ ਕੇ ਸੰਪੂਰਨ ਹੋਈ।
ਸਿਰਸਾ ਨਦੀ ਦੇ ਯੁੱਧ ਤੋਂ ਚੱਲਦੇ ਹੋਏ ਗੁਰੂ ਜੀ ਰੋਪੜ ਵੱਲ ਚਲੇ ਗਏ ਤੇ ਚਮਕੌਰੇ ਦੀ ਕੱਚੀ ਹਵੇਲੀ, ਜਿਸ ਦਾ ਇਤਿਹਾਸਕ ਨਾਮ ‘ਚਮਕੌਰ ਦੀ ਗੜ੍ਹੀ’ ਹੈ ਵਿਚ 21 ਦਸੰਬਰ ਦੀ ਰਾਤ ਨੂੰ ਸਿੰਘਾਂ ਸਮੇਤ ਡੇਰੇ ਲਾ ਲਏ, ਜਿੱਥੇ ਫਿਰ ਮੁਗ਼ਲ ਫ਼ੌਜ ਨੇ ਘੇਰਾ ਪਾ ਲਿਆ। 22 ਦਸੰਬਰ 1704 ਦੀ ਸਵੇਰ ਨੂੰ 40 ਸਿੰਘਾਂ ਤੇ ਲੱਖਾਂ ਦੀ ਮੁਗ਼ਲ ਫ਼ੌਜ ਦਰਮਿਆਨ ਯੁੱਧ ਵਿਚ ਬਾਬਾ ਜੀ ਦੇ ਦੋ ਵੱਡੇ ਸਪੁੱਤਰ, ਸਹੁਰਾ ਭਾਈ ਖਜ਼ਾਨ ਸਿੰਘ ਤੇ ਛੋਟੇ ਭਰਾ ਸੰਗਤ ਸਿੰਘ ਜੀ ਸ਼ਹੀਦ ਹੋ ਗਏ। ਗੜ੍ਹੀ ਵਿਚ 22 ਦਸੰਬਰ 1704 ਨੂੰ ਜਦੋਂ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਵੀ ਹੋਰ ਸਿੰਘਾਂ ਸਮੇਤ ਜੂਝਦੇ ਹੋਏ ਸ਼ਹੀਦ ਹੋ ਗਏ ਤੇ ਗੜ੍ਹੀ ‘ਚ ਕੇਵਲ 11 ਸਿੰਘ ਰਹਿ ਗਏ ਸਨ ਤਾਂ ਗੁਰੂ ਜੀ ਦੀ ਸੁਰੱਖਿਆ ਤੇ ਸਿੱਖ ਕੌਮ ਦੇ ਭਵਿੱਖ ਦਾ ਵਾਸਤਾ ਪਾਉਂਦੇ ਹੋਏ ਪੰਜ ਸਿੰਘਾਂ ਨੇ ਗੁਰੂ ਜੀ ਨੂੰ ਗੜ੍ਹੀ ‘ਚੋਂ ਸੁਰੱਖਿਅਤ ਨਿਕਲ ਜਾਣ ਦੀ ਸਲਾਹ ਦਿੱਤੀ। ਬਾਬਾ ਜੀਵਨ ਸਿੰਘ ਜੀ 22 ਦਸੰਬਰ ਦੀ ਰਾਤ ਨੂੰ ਗੜ੍ਹੀ ਦੀ ਮੰਮਟੀ ‘ਤੇ ਬੈਠ ਕੇ ਬਹਾਦਰੀ ਨਾਲ ਬੰਦੂਕਾਂ ਤੇ ਤੀਰ ਚਲਾਉਂਦੇ ਰਹੇ ਤੇ ਵਿਚ-ਵਿਚ ਨਗਾਰਾ ਵੀ ਵਜਾਉਂਦੇ ਰਹੇ ਤਾਂ ਕਿ ਦੁਸ਼ਮਣ ਨੂੰ ਭੁਲੇਖਾ ਪਵੇ ਕਿ ਗੁਰੂ ਜੀ ਅੰਦਰ ਹੀ ਹਨ। 23 ਦਸੰਬਰ ਨੂੰ ਸਵੇਰੇ ਬਾਕੀ ਰਹਿੰਦੇ ਸਿੰਘ ਵੀ ਜੂਝਦੇ ਹੋਏ ਸ਼ਹੀਦ ਹੋ ਗਏ ਤੇ ਬਾਬਾ ਜੀਵਨ ਸਿੰਘ ਜੀ ਕੋਲੋਂ ਵੀ ਗੋਲੀ ਸਿੱਕਾ ਖ਼ਤਮ ਹੋ ਗਿਆ ਤਾਂ ਗੜ੍ਹੀ ਦਾ ਦਰਵਾਜ਼ਾ ਖੋਲ੍ਹ ਕੇ ਆਪ ਦੋਹਾਂ ਹੱਥਾਂ ‘ਚ ਤਲਵਾਰਾਂ ਲੈ ਕੇ ਬਾਹਰ ਆਏ ਤੇ ਦੁਸ਼ਮਣ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਦੀ ਸ਼ਹੀਦੀ ਉਪਰੰਤ ਜਦੋਂ ਉਨ੍ਹਾਂ ਦੇ ਸੀਸ ਨੂੰ ਦੁਸ਼ਮਣ ਫ਼ੌਜ ਵੱਲੋਂ ਔਰੰਗਜ਼ੇਬ ਪਾਸ ਲਿਜਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਦਿੱਲੀ ਪਹੁੰਚ ਕੇ ਪਤਾ ਲੱਗਾ ਕਿ ਇਹ ਸੀਸ ਬਾਬਾ ਜੀਵਨ ਸਿੰਘ ਜੀ ਦਾ ਹੈ।