Bathinda police files : ਪੰਜਾਬ ਸਰਕਾਰ ਨੇ 20 ਤੋਂ ਵੱਧ ਲੋਕਾਂ ਦੇ ਵਿਆਹ ਸਮਾਗਮਾਂ ਅਤੇ ਹੋਰ ਪ੍ਰੋਗਰਾਮਾਂ ਵਿਚ ਇਕੱਤਰ ਹੋਣ ‘ਤੇ ਪਾਬੰਦੀ ਲਗਾਈ ਹੈ। ਪੂਰੇ ਰਾਜ ਵਿੱਚ ਰਾਤ ਦਾ ਕਰਫਿਊ ਲਾਗੂ ਹੈ, ਪਰ ਬਠਿੰਡਾ ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਰਮਨ ਗੋਇਲ ਦੇ ਪਤੀ ਨੇ ਸ਼ੁੱਕਰਵਾਰ ਰਾਤ ਨੂੰ ਲਗਭਗ 150 ਲੋਕਾਂ ਨੂੰ ਇੱਕ ਪਾਰਟੀ ਦਿੱਤੀ। ਇਹ ਰਾਤ ਦੇ 11 ਵਜੇ ਤੱਕ ਚੱਲੀ, ਜਦੋਂ ਕਿ ਰਾਤ ਦਾ ਕਰਫਿਊ 8 ਵਜੇ ਸ਼ੁਰੂ ਹੁੰਦਾ ਹੈ।
ਪਾਰਟੀ ਦੀਆਂ ਤਸਵੀਰਾਂ ਵਾਇਰਲ ਹੋਈਆਂ। ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬੇਟੇ ਅਰਜੁਨ ਬਾਦਲ, ਉਸ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਜੌਹਲ, ਮਿਊਂਸਪਲ ਰਿਫਾਰਮ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਮੇਅਰ ਰਮਨ ਗੋਇਲ ਦੇ ਪਤੀ ਸੰਦੀਪ ਗੋਇਲ ਅਤੇ ਹੋਰ ਕਈ ਸੀਨੀਅਰ ਕਾਂਗਰਸੀ ਲੀਡਰ ਵੀ ਨਜ਼ਰ ਆਉਂਦੇ ਹਨ। ਪਾਰਟੀ ਦੀ ਸਮਾਪਤੀ ਤੋਂ ਬਾਅਦ ਕਾਂਗਰਸੀ ਨੇਤਾ ਪੈਲੇਸ ਤੋਂ ਬਾਹਰ ਨਿਕਲਿਆ ਤੇ ਉਹ ਕੈਮਰੇ ‘ਚ ਕੈਦ ਹੋ ਗਿਆ।
ਆਖਿਰਕਾਰ ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਵਿੱਚ ਸ਼ੁੱਕਰਵਾਰ ਰਾਤ ਨੂੰ ਸੀਨੀਅਰ ਕੌਂਸਲਰ ਸਮੇਤ ਸੀਨੀਅਰ ਡਿਪਟੀ ਮੇਅਰ ਵੱਲੋਂ ਮਨਾਏ ਗਏ ਜਸ਼ਨ ਵਿਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਉਨ੍ਹਾਂ ਵੱਲੋਂ ਕੋਵਿਡ ਦਿਸ਼ਾ ਨਿਰਦੇਸ਼ਾਂ ਅਤੇ ਰਾਤ ਦੇ ਕਰਫਿਊ ਦੀ ਉਲੰਘਣਾ ਕੀਤੀ ਗਈ। ਬਠਿੰਡਾ-ਅੰਮ੍ਰਿਤਸਰ ਹਾਈਵੇ ‘ਤੇ ਸ਼ਹਿਰ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਵੇਨਿਊ ਥ੍ਰੀ ਪਾਮਜ਼ ਰਿਜੋਰਟ ਨੂੰ ਸੀਲ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਸੰਕਰਣ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵੀ ਸ਼ਾਮਲ ਹਨ।