Bebe Nanaki Ji : ਬੇਬੇ ਨਾਨਕੀ ਜੀ ,ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਸਨ। ਉਨ੍ਹਾਂ ਦਾ ਜਨਮ ਆਪਣੇ ਨਾਨਕੇ ਘਰ ਪਿੰਡ ਚਹਿਲਾਂ (ਜਿਲਾ ਕਸੂਰ) ਵਿੱਚ ਹੋਇਆ। ਬੇਬੇ ਨਾਨਕੀ ਜੀ ਗੁਰੂ ਸਾਹਿਬ ਤੋਂ 5 ਸਾਲ ਵੱਡੇ ਸਨ। ਬੇਬੇ ਨਾਨਕੀ ਜੀ ਦਾ ਜਨਮ ਸੰਮਤ 1521 ਸੰਨ 1464 ਈ. ਨੂੰ ਜਿਲ੍ਹਾ ਲਾਹੌਰ ਵਿਖੇ ਹੋਇਆ। ਸਿੱਖ ਇਤਹਿਾਸ ਵਿੱਚ ਬੇਬੇ ਨਾਨਕੀ ਜੀ ਨੂੰ ਪਹਿਲੇ ਗੁਰਸਿੱਖ ਮੱਨਿਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਭਰਾ ਦੀ ਰੂਹਾਨੀਅਤ ਦਾ ਅਹਿਸਾਸ ਹੋਇਆ ।
ਬੇਬੇ ਨਾਨਕੀ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ (ਕਲਿਆਣ ਦਾਸ)ਜੀ ਅਤੇ ਮਾਤਾ ਤ੍ਰਿਪਤਾ ਜੀ ਸਨ। ਉਨ੍ਹਾਂ ਦੇ ਨਾਨਾ ਜੀ ਦਾ ਨਾਂ ਰਾਮ ਜੀ ਅਤੇ ਨਾਨੀ ਭਿਰਾਈ ਜੀ ਅਤੇ ਮਾਮਾ ਕ੍ਰਿਸ਼ਨਾ ਜੀ ਸਨ। ਬੇਬੇ ਨਾਨਕੀ ਦਾ ਜਨਮ ਨਾਨਕੇ ਪਿੰਡ ਹੋਣ ਕਰਕੇ ਉਨ੍ਹਾਂ ਦਾ ਨਾਮ ਨਾਨਕੀ ਹੀ ਪੈ ਗਿਆ। ਉਨ੍ਹਾਂ ਦਾ ਵਿਆਹ 12 ਸਾਲ ਦੀ ਉਮਰ ਵਿੱਚ ਭਾਈਆ ਜੈ ਰਾਮ ਜੀ ਨਾਲ ਹੋਇਆ ਜੋ ਕਿ ਸੁਲਤਾਨਪੁਰ ਵਿਖੇ ਨਵਾਬ ਦੌਲਤ ਖਾਂ ਪਾਸ ਨੌਕਰੀ ਕਰਦੇ ਸਨ। ਉਹਨਾਂ ਦਾ ਡੋਲਾ ਰਾਇ-ਭੋਇ ਦੀ ਤਲਵੰਡੀ ਜਿਲ੍ਹਾ ਸ਼ੇਖੁਪੁਰਾ (ਅੱਜ-ਕੱਲ ਨਨਕਾਣਾ ਸਾਹਿਬ) ਤੋਂ ਜਿਸ ਅਸਥਾਨ ਉੱਪਰ ਆਇਆ ਉਸ ਥਾਂ ਨੂੰ ਗੁਰਦੁਆਰਾ ਬੇਬੇ ਨਾਨਕੀ ਜੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1518 ਈ: ਵਿੱਚ ਜਦ ਆਖਰੀ ਉਦਾਸੀ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਆਏ ਤਾਂ ਗੁਰੂ ਜੀ ਬੇਬੇ ਜੀ ਦਾ ਅੰਤ ਸਮਾਂ ਜਾਣ ਕੇ ਸੁਲਤਾਨਪੁਰ ਹੀ ਰੁਕ ਗਏ। ਕੁਝ ਦਿਨ ਬੀਤਣ ਬਾਅਦ ਬੇਬੇ ਨਾਨਕੀ ਜੀ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਆਪਣੀ 54 ਸਾਲ ਦੀ ਉਮਰ ਵਿੱਚ ਜੋਤੀ-ਜੋਤ ਸਮਾ ਗਏ। ਗੁਰੂ ਜੀ ਨੇ ਆਪਣੀ ਪਿਆਰੀ ਭੈਣ ਦਾ ਸੰਸਕਾਰ ਵੀ ਆਪਣੀ ਹੱਥੀ ਹੀ ਕੀਤਾ।
ਬੇਬੇ ਨਾਨਕੀ ਦਾ ਬਾਬਾ ਨਾਨਕ ਨਾਲ ਅਥਾਹ ਪ੍ਰੇਮ ਸੀ ।ਉਹ ਬਚਪਨ ‘ਚ ਬਾਬੇ ਨਾਨਕ ਨੂੰ ਪਿਤਾ ਦੇ ਪ੍ਰਕੋਪ ਤੋਂ ਬਚਾਉਂਦੇ ਸਨ । ਬਾਬਾ ਨਾਨਕ 15 ਸਾਲ ਦੇ ਲਗਭਗ ਆਪਣੀ ਭੈਣ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਰਹੇ। ਬੇਬੇ ਨਾਨਕੀ ਨੇ ਹੀ ਬਾਬੇ ਨਾਨਕ ਵਾਸਤੇ ਮਾਤਾ ਸੁਲੱਖਣੀ ਨੂੰ ਚੁਣਿਆ । ਗੁਰੂ ਸਾਹਿਬ ਦੇ ਦੋਨੇ ਲੜਕਿਆਂ ਬਾਬਾ ਸ਼੍ਰੀ ਚੰਦ ਅਤੇ ਬਾਬਾ ਲੱਖਮੀ ਚੰਦ ਨਾਲ ਵੀ ਬੇਬੇ ਬਾਨਕੀ ਜੀ ਬਹੁਤ ਪਿਆਰ ਕਰਦੇ ਸਨ।