Bhagat Namdev Ji : ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ 15 ਭਗਤਾਂ ਦੀ ਬਾਣੀ ਦਰਜ ਹੈ। ਉਨ੍ਹਾਂ ਵਿੱਚੋਂ ਇਕ ਨਾਂ ਭਗਤ ਨਾਮਦੇਵ ਜੀ ਦਾ ਵੀ ਹੈ। ਭਗਤ ਨਾਮਦੇਵ ਦਾ ਜਨਮ 1270 ਈ. ਨੂੰ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਕ੍ਰਿਸ਼ਨਾ ਨਦੀ ਦੇ ਕੰਢੇ ‘ਤੇ ਵਸੇ ਪਿੰਡ ਨਰਸੀ ਬਾਮਨੀ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂਅ ਦਾਮਸ਼ੇਟੀ ਅਤੇ ਮਾਤਾ ਦਾ ਨਾਂ ਗੋਨਾ ਬਾਈ ਸੀ। ਆਪ ਨੇ ਇੱਕ ਪ੍ਰਮਾਤਮਾ ਦੀ ਭਗਤੀ ਕਰਨ ‘ਤੇ ਜ਼ੋਰ ਦਿੱਤਾ। ਸੰਤ ਨਾਮਦੇਵ ਨੇ ਵਿਸੋਬਾ ਖੇਚਰ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ। ਉਹ ਸੰਤ ਗਿਆਨੇਸ਼ਵਰ ਦੇ ਸਮਕਾਲੀ ਸਨ ਅਤੇ ਉਮਰ ਵਿੱਚ ਉਨ੍ਹਾਂ ਤੋਂ 5 ਸਾਲ ਵੱਡੇ ਸਨ। ਸੰਤ ਨਾਮਦੇਵ ਨੇ, ਸੰਤ ਗਿਆਨੇਸ਼ਵਰ ਦੇ ਨਾਲ ਪੂਰੇ ਮਹਾਰਾਸ਼ਟਰ ਦੀ ਸੈਰ ਕੀਤੀ। ਭਗਤੀ – ਗੀਤ ਰਚੇ ਅਤੇ ਜਨਤਾ ਜਨਾਰਦਨ ਨੂੰ ਸਮਤਾ ਅਤੇ ਪ੍ਰਭੂ-ਭਗਤੀ ਦਾ ਪਾਠ ਪੜ੍ਹਾਇਆ।
ਭਗਤ ਨਾਮਦੇਵ ਜੀ ਆਪਣੇ ਗੁਰੂ ਖੇਚਰ ਜੀ ਤੋਂ ਸਿੱਖਿਆ ਲੈ ਕੇ ਨਿਰਗੁਣਵਾਦੀ ਹੋ ਗਏ। ਆਪ ਬਾਹਰੀ ਅਡੰਬਰਾਂ ਦੇ ਵਿਰੋਧੀ ਸਨ ਅਤੇ ਮੂਰਤੀ ਪੂਜਾ ਦਾ ਵੀ ਵਿਰੋਧ ਕੀਤਾ। ਆਪ ਦਾ ਸੁਭਾਅ ਬਹੁਤ ਹੀ ਮਿੱਠ ਬੋਲੜਾ ਸੀ। ਭਗਤ ਨਾਮਦੇਵ ਜੀ ਦਾ ਵਿਆਹ 11 ਸਾਲ ਦੀ ਉੁਮਰ ‘ਚ ਰਜਾਈ ਨਾਲ ਹੋਈ। ਆਪ ਜੀ ਨੇ 50 ਸਾਲ ਦੀ ਉਮਰ ਵਿਚ ਪੰਜਾਬ ਦੀ ਯਾਤਰਾ ਸ਼ੁਰੂ ਕਰ ਦਿੱਤੀ। ਆਪ ਪੰਡਰਪੁਰ ਤੋਂ ਦੁਆਰਕਾ ਤੇ ਪ੍ਰਭਾਸ ਤੀਰਥ ਹੁੰਦੇ ਹੋਏ ਮਾਰਵਾੜ ਵਿਖੇ ਪੁੱਜੇ। ਕਿਹਾ ਜਾਂਦਾ ਹੈ ਕਿ ਬੀਕਾਨੇਰ ਕੋਲ ਕੈਲਾਦ ਨਾਂ ਦੇ ਪਿੰਡ ‘ਚ ਪਾਣੀ ਦੀ ਬਹੁਤ ਕਿੱਲਤ ਸੀ। ਉਥੇ ਭਗਤ ਨਾਮਦੇਵ ਜੀ ਨੇ ਆਪਣੇ ਆਤਮਿਕ ਬਲ ਦੇ ਸਹਾਰੇ ਉਥੋਂ ਡੂੰਘੇ ਖੂਹ ‘ਚੋਂ ਪਾਣੀ ਖਿੱਚਿਆ ਤੇ ਇੱਕ ਝਰਨੇ ਦੀ ਰਚਨਾ ਕੀਤੀ।
ਭਗਤ ਨਾਮਦੇਵ ਜੀ ਪੰਜਾਬ ਵਿਖੇ ਸਭ ਤੋਂ ਪਹਿਲਾਂ ਜਿਲ੍ਹਾ ਅੰਮ੍ਰਿਤਸਰ ਦੇ ਭੂਤਵਿੰਡ ਵਿਖੇ ਜਿਸ ਨੂੰ ਅੱਜ ਕਲ ਖਡੂਰ ਸਾਹਿਬ ਕਿਹਾ ਜਾਂਦਾ ਹੈ, ਵਿਖੇਪੁੱਜੇ। ਇਥੇ ਮਾਤਾ ਅੜੋਲੀ ਦੇ ਪੁੱਤਰ ਅਨੋਖੇ ਨੂੰ ਤੰਦਰੁਸਤ ਕਰਕੇ ਭਗਤ ਨਾਮਦੇਵ ਜੀ ਨੇ ਉਨ੍ਹਾਂ ਨੂੰ ਜ਼ਿੰਦਗੀ ਦੀ ਬਖਸ਼ਿਸ਼ ਦਿੱਤੀ। ਫਿਰ ਉਸ ਦਾ ਨਾਂ ਬਦਲ ਕੇ ਬੋਹੜ ਦਾਸ ਰੱਖਿਆ ਗਿਆ। ਇਥੇ ਹੀ ਗੁਰਦੁਆਰਾ ਖੂਹ ਸਾਹਿਬ ਤੇ ਗੁਰਦੁਆਰਾ ਖੁੰਡੀ ਸਾਹਿਬ ਨਾਲ ਵੀ ਭਗਤ ਨਾਮਦੇਵ ਜੀ ਦਾ ਇਤਿਹਾਸ ਜੁੜਿਆ ਹੋਇਆ ਹੈ। ਭਗਤ ਨਾਮਦੇਵ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਲਗਪਗ 18 ਸਾਲ ਪੰਜਾਬ ਦੇ ਪਿੰਡ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਗੁਜ਼ਾਰਿਆ। ਇੱਥੇ ਹੀ ਭਗਤ ਨਾਮਦੇਵ ਜੀ 2 ਮਾਘ ਸੰਮਤ 1406 (1350 ਈਸਵੀ) ਨੂੰ ਜੋਤੀ ਜੋਤਿ ਸਮਾਏ। ਜਿਸ ਜਗ੍ਹਾ ਭਗਤ ਜੀ ਤਪ ਕਰਦੇ ਸਨ, ਉਸ ਜਗ੍ਹਾ ’ਤੇ ਤਪਿਆਣਾ ਸਾਹਿਬ ਸੁਸ਼ੋਭਿਤ ਹੈ।