Bhai Bachittar Singh : ਪਹਾੜੀਆਂ ਦਾ ਮਸਤ ਹਾਥੀ ਸ਼ਰਾਬ ਨਾਲ ਰੱਜਿਆ ਚੀਖ ਚੀਂਘਾਟ ਰਿਹਾ ਸੀ, ਪਹਾੜੀਆਂ ਦੀ ਫੌਜ ਕਿਲੇ ਵੱਲ ਵਧਦੀ ਹੀ ਆ ਰਹੀ ਸੀ ਅਤੇ ਮਨ ‘ਚ ਇਹੋ ਵਿਚਾਰ ਬਣਾਏ ਹੋਏ ਸੀ ਕਿ ਸਾਡੇ ਕੋਲ ਲੋਹੇ ਦੇ ਸ਼ਸਤਰਾਂ ਨਾਲ ਲੱਦਿਆ ਹੋਇਆ ਮਸਤ ਹਾਥੀ ਹੈ,ਕੁਝ ਕੁ ਘੰਟੇ ਵਿੱਚ ਕਿਲਾ ਭੰਨ ਕੇ ਜੰਗ ਫ਼ਤਿਹ ਕਰ ਲਵਾਂਗੇ। ਇਹ ਉਨ੍ਹਾਂ ਦੀ ਸੱਭ ਤੋਂ ਵੱਡੀ ਮੂਰਖਤਾ ਸੀ ਜੋ ਸਾਹਮਣੇ ਬੈਠੇ ਕੱਲਗੀਧਰ ਪਾਤਸ਼ਾਹ ਜੀ ਦੀ ਤਾਕਤ ਨੂੰ ਨਹੀਂ ਸਨ ਪਛਾਣਦੇ। ਉਧਰ ਲੋਹਗੜ੍ਹ ਦੇ ਕਿਲੇ ਵਿੱਚ ਸਤਿਗੁਰ ਕਲਗੀਧਰ ਪਾਤਸ਼ਾਹ ਜੀ ਨੂੰ ਖਬਰ ਮਿਲੀ ਕੀ ਪਹਾੜੀਆਂ ਦਾ ਕੇਸਰੀ ਚੰਦ ਫੌਜਾਂ ਸਮੇਤ ਮਸਤ ਹਾਥੀ ਲੈਕੇ ਆ ਰਿਹਾ ਕਿਲੇ ਨੂੰ ਫਤਿਹ ਕਰਨ ਅਤੇ ਸੁਣਿਆ ਹੈ ਕਿ ਕੇਸਰੀ ਚੰਦ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਜਾਣਾ। ਦਸਵੇਂ ਪਾਤਸ਼ਾਹ ਹਲਕਾ ਜਾ ਹਸ ਕੇ ਕਹਿੰਦੇ ਕੀ ਫੇਰ ਕੀ ਹੋਇਆ ਉਨ੍ਹਾਂ ਕੋਲ ਹਾਥੀ ਹੈ, ਸਾਡੇ ਕੋਲ ਵੀ ਦੂਨੀ ਚੰਦ ਹਾਥੀ ਹੈ ਵੱਡੇ ਸਰੀਰ ਵਾਲਾ ਅਸੀ ਏਹਨੂੰ ਭੇਜਾਂਗੇ। ਦੂਨੀ ਚੰਦ ਡਰ ਗਿਆ ਕਿ ਗੁਰ ਸਾਹਿਬ ਨੇ ਤੇ ਫਸਾ ਦਿੱਤਾ ਮੈਂ ਕਿਦਾਂ ਲੜਾਂਗਾ ਅਤੇ ਰਾਤੋ ਰਾਤ ਕਿਲੇ ਤੋਂ ਛਾਲ ਮਾਰਕੇ ਭੱਜਣ ਲੱਗਾ ਤੇ ਲੱਤ ਤੁੜਵਾ ਲਈ,ਕੁਝ ਕੁ ਦਿਨ ਬਾਅਦ ਉਹਦੀ ਮੌਤ ਹੋ ਗਈ।
ਕਲਗੀਧਰ ਪਾਤਸ਼ਾਹ ਆਪਣੇ ਕਮਾਂਡੋਆ ਵਿੱਚ ਬੈਠੇ ਸਨ, ਸਾਰੇ ਕਮਾਂਡੋ ਨਿਹੰਗ ਸਿੰਘ ਤਿਆਰ-ਬਰ-ਤਿਆਰ ਖਲੌਤੇ ਸਨ ਅਤੇ ਦੁਸ਼ਮਣ ਦਲ ਦੀਆਂ ਆਵਾਜ਼ਾਂ ਕੰਨੀ ਲਾ ਕੇ ਸੁਣ ਰਹੇ ਸਨ। ਦਸਵੇਂ ਪਾਤਸ਼ਾਹ ਕੱਲਗੀਧਰ ਪਾਤਸ਼ਾਹ ਨੇ ਭਾਈ ਮਨੀ ਸਿੰਘ ਜੀ ਨਿਹੰਗ ਸਿੰਘ ਜੀ ਦੇ ਸਪੁੱਤਰ ਭਾਈ ਬਚਿੱਤਰ ਸਿੰਘ ਨਿਹੰਗ ਸਿੰਘ ਨੂੰ ਆਪਣੇ ਕੋਲ ਸੱਦਿਆ। ਦੁਮਾਲੇ ਉੱਤੇ ਚੰਦ,ਤੋੜਾ,ਚੱਕਰ,ਸ਼ਸਤਰ ਸੋਭਦੇ ਸਨ। ਕੱਲਗੀਧਰ ਪਾਤਸ਼ਾਹ ਜੀ ਦੇ ਕੋਲ ਹੱਥ ਜੋੜ ਆ ਖਲੋਤੇ।ਕੱਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਬਚਿੱਤਰ ਸਿੰਆਂ ਪਹਾੜੀਆਂ ਦਾ ਹਾਥੀ ਆ ਰਿਹਾ ਹੈ ਤੇ ਇਧਰੋਂ ਤੂੰ ਸਾਡਾ ਬੱਬਰ ਸ਼ੇਰ ਬਣ ਕੇ ਜਾਣਾ ਹੈ,ਜਿਵੇਂ ਸ਼ੇਰ ਦਾ ਸ਼ਸਤਰ ਉਸਦੀਆਂ ਜਵਾੜਾਂ ਹੁੰਦੀਆਂ ਅਸੀ ਤੈਨੂੰ ਨੇਜੇ ਦੀਆਂ ਜਵਾੜਾਂ ਦੇਵਾਂਗੇ,ਤੇਰੇ ਨੇਜੇ ਦਾ ਵਾਰ ਹਾਥੀ ਝਲ ਨਹੀਂ ਸਕੇਗਾ,ਬਚਿੱਤਰ ਸਿੰਘ ਐਹੋ ਜੀ ਨਾਗਨੀ ਮਾਰਨੀ ਆ ਕਿ ਉਹ ਏਧਰ ਮੂੰਹ ਨਾ ਕਰੇ ਤੇ ਆਪਣੇ ਹੀ ਸਾਥੀਆਂ ਨੂੰ ਦਰੜਦਾ ਰਹੇ।
ਇਹ ਬਚਨ ਸੁਣਕੇ ਭਾਈ ਬਚਿੱਤਰ ਸਿੰਘ ਜੀ ਪ੍ਰਫੁੱਲਤ ਹੋ ਗਏ ਤੇ ਚਿਹਰੇ ‘ਤੇ ਖੁਸ਼ੀ ਨਾਲ ਲਾਲੀ ਚੜ੍ਹ ਆਈ ,ਹੱਥ ਜੋੜ ਮਹਾਰਾਜ ਨੂੰ ਬੇਨਤੀ ਕਰਨ ਲੱਗਾ ਕਿ ਹੇ ਮਹਾਰਾਜ! ਤੁਸੀਂ ਚਿੜੀਆਂ ਤੋਂ ਬਾਜ਼ ਮਰਵਾ ਦੇਣ ਵਾਲੇ ਹੋ ਬਸ ਤੁਸੀਂ ਆਪਣੀ ਦਇਆ ਰੱਖੀਓ ਇਹ ਪਹਾੜੀਆਂ ਦਾ ਕੱਟਾ ਜੋ ਹੈ,ਹਾਥੀ ਤਾਂ ਮੈਨੂੰ ਦਿਸਦਾ ਹੀ ਨਹੀਂ ਇਹ ਕੱਟਾ ਲਗਦਾ ਹੈ। ਇਹਨੇ ਕੀ ਖਾਲਸੇ ਮੁਹਰੇ ਖੜ੍ਹਣਾ, ਮੈਂ ਸੁਣਿਆ ਹੈ ਕਿ ਸਵਰਗ ਲੋਕ ਵਿੱਚ ਇੰਦਰ ਦਾ ਇੱਕ ਹਾਥੀ ਹੈ, ਏਰਾਵਤ ਹਾਥੀ,, ਤੁਸੀਂ ਹੁਕਮ ਕਰੋ ਤੁਹਾਡੀ ਦਇਆ ਨਾਲ ਮੈਂ ਉਹਦਾ ਵੀ ਝਟਕਾ ਕਰਕੇ ਤੁਹਾਡੇ ਚਰਨਾਂ ਵਿੱਚ ਉਸਦੇ ਸੀਸ ਲਿਆ ਕੇ ਭੇਟਾ ਕਰਾਂਗਾ। ਮਹਾਰਾਜ ਬਚਿੱਤਰ ਸਿੰਘ ਨਿਹੰਗ ਦੇ ਬਚਨ ਸੁਣ ਬਹੁਤ ਪ੍ਰਸੰਨ ਹੋਏ ਤੇ ਕੱਲਗੀਧਰ ਪਾਤਸ਼ਾਹ ਨੇ ਬਚਿੱਤਰ ਸਿੰਘ ਨੂੰ ਗਲਵਕੜੀ ਵਿੱਚ ਲੈ ਲਿਆ ਜਿਵੇਂ ਪਿਓ ਪੁੱਤਰ ਨੂੰ ਅਸੀਸਾਂ ਦਿੰਦਾ ਹੈ।