Bhai Dayala Ji : ਭਾਈ ਦਿਆਲਾ ਗੁਰੂ ਜੀ ਦੇ ਸਭ ਤੋਂ ਪਿਆਰੇ ਅਤੇ ਨੇੜਲੇ ਸਾਥੀ ਵਜੋਂ ਜਾਣੇ ਜਾਂਦੇ ਸਨ। ਭਾਈ ਦਿਆਲਾ ਜੀ ਉਨ੍ਹਾਂ ਤਿੰਨ ਵਿਦਵਾਨ ਸਿੱਖਾਂ ਵਿੱਚੋਂ ਹਨ ਜਿਨ੍ਹਾਂ ਨੂੰ ਗੁਰੂ ਤੇਗ਼ ਬਹਾਦਰ ਜੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਆਪ ਜੀ ਦਾ ਜਨਮ ਪਿੰਡ ਮਨੀਪੁਰ, ਜ਼ਿਲ੍ਹਾ ਮੁਜ਼ੱਫਰਗੜ੍ਹ ਵਿਖੇ ਭਾਈ ਮਾਈ ਦਾਸ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੀ ਮਾਤਾ ਦਾ ਨਾਂ ਮਧੁਰ ਬਾਈ ਜੀ ਸੀ। ਆਪ ਜੀ ਦੇ ਹੋਰ 11 ਭਰਾ ਸਨ, ਜਿਨ੍ਹਾਂ ਵਿਚੋਂ ਕੇਵਲ ਅਮਰ ਚੰਦ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਧਰਮ ਲਈ ਸ਼ਹੀਦ ਹੋਏ। ਜਦੋਂ ਗੁਰੂ ਤੇਗ਼ ਬਹਾਦਰ ਜੀ ਗੁਰਗੱਦੀ ‘ਤੇ ਬੈਠਣ ਮਗਰੋਂ ਪੂਰਬ ਵਾਲੇ ਪਾਸੇ ਪ੍ਰਚਾਰ ਦੌਰੇ ‘ਤੇ ਨਿਕਲੇ ਤਾਂ ਭਾਈ ਦਿਆਲਾ ਜੀ ਆਪ ਦੇ ਨਾਲ ਸਨ। ਪਟਨਾ ਸਾਹਿਬ ਪਹੁੰਚ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਪਰਿਵਾਰ ਨੂੰ ਇਥੇ ਹੀ ਰਹਿਣ ਦਾ ਹੁਕਮ ਦਿੱਤਾ ਤੇ ਆਸਾਮ ਲਈ ਅੱਗੇ ਚੱਲ ਪਏ। ਪਟਨੇ ਸਾਹਿਬ ਵਿਖੇ ਗੁਰੂ ਪਰਿਵਾਰ ਦੀ ਸੇਵਾ ਦੀ ਜ਼ਿੰਮੇਵਾਰੀ ਆਪ ਜੀ ਨੂੰ ਹੀ ਸੌਂਪੀ ਗਈ। ਆਪ ਨਾਮ-ਬਾਣੀ ਦੇ ਰਸੀਏ, ਪੱਕੇ ਇਰਾਦੇ ਵਾਲੇ ਗੁਰਸਿੱਖ, ਨੇਕ ਤੇ ਇਮਾਨਦਾਰ ਮਹਾਂਪੁਰਸ਼ ਸਨ। ਗੁਰੂ ਤੇਗ਼ ਬਦਾਹਰ ਜੀ ਆਪ ਦੀ ਬੜੀ ਕਦਰ ਕਰਿਆ ਕਰਦੇ ਸਨ। ਇਸ ਗੱਲ ਦਾ ਸਬੂਤ ਗੁਰੂ ਤੇਗ਼ ਬਹਾਦਰ ਜੀ ਦੁਆਰਾ ਲਿਖੇ ਗਏ ਹੁਕਮਨਾਮਿਆਂ ਤੋਂ ਵੀ ਮਿਲਦਾ ਹੈ। ਔਰੰਗਜ਼ੇਬ ਨੇ ਉੱਤਰੀ ਭਾਰਤ ਵਿਚ ਸਖ਼ਤੀ ਦਾ ਦੌਰ ਸ਼ੁਰੂ ਕੀਤਾ ਤੇ ਜ਼ਬਰਦਸਤੀ ਲੋਕਾਂ ਨੂੰ ਇਸਲਾਮ ਦਾ ਧਰਮ ਕਬੂਲ ਕਰਨ ਵਾਸਤੇ ਕਿਹਾ ਜਾਣ ਲੱਗਾ।
ਇਹੋ ਜਿਹੇ ਸਮੇਂ ਵਿਚ, ਲੋੜ ਸੀ ਕਿ ਕੋਈ ਇਨ੍ਹਾਂ ਜ਼ਾਲਮਾਂ ਦਾ ਟਾਕਰਾ ਕਰ ਕੇ ਲੋਕਾਂ ਨੂੰ ਧੀਰਜ ਦੇ ਸਕੇ ਤੇ ਮਜ਼ਲੂਮਾਂ ਦੀ ਬਾਂਹ ਪਕੜ ਸਕੇ। ਸੋ ਸ੍ਰੀ ਗੁਰੂ ਤੇਗ਼ ਬਹਾਦਰ ਜੀ ਆਪਣਾ ਆਸਾਮ ਦਾ ਦੌਰਾ ਜਲਦੀ-ਜਲਦੀ ਮੁਕਾ ਕੇ ਪੰਜਾਬ ਪਹੁੰਚ ਗਏ। ਉਨ੍ਹਾਂ ਭਾਈ ਦਿਆਲਾ ਜੀ ਨੂੰ ਹੁਕਮ ਭੇਜ ਦਿੱਤਾ ਕਿ ਉਹ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਤੇ ਗੁਰੂਪਰਿਵਾਰ ਨੂੰ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਜਾਣ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਉਪਦੇਸ਼ ਸੀ ਕਿ ‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ’ -ਭਾਵ ਅਸੀਂ ਕਿਸੇ ਨੂੰ ਭੈ ਦਿੰਦੇ ਨਹੀਂ ਤੇ ਨਾ ਹੀ ਕਿਸੇ ਦਾ ਭੈ ਮੰਨਣ ਲਈ ਤਿਆਰ ਹਾਂ। ਪੰਜਾਬ ਪਹੁੰਚ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਪਿੰਡ-ਪਿੰਡ ਫਿਰ ਕੇ ਲੋਕਾਂ ਨੂੰ ਹੌਸਲਾ ਦਿੱਤਾ ਤੇ ਜ਼ੁਲਮ ਵਿਰੁੱਧ ਡੱਟ ਜਾਣ ਦੀ ਪ੍ਰੇਰਨਾ ਦਿੱਤੀ। ਜਦੋਂ ਆਪ ਜੀ ਦੇ ਦਰਬਾਰ ਵਿਚ ਕਸ਼ਮੀਰ ਦੇ ਪੰਡਿਤ ਪਹੁੰਚੇ ਤਾਂ ਆਪ ਨੇ ਉਨ੍ਹਾਂ ਨੂੰ ਵੀ ਕਿਹਾ ਕਿ ਕਾਇਰ ਬਣਨ ਦੀ ਲੋੜ ਨਹੀਂ, ਬਲਵਾਨ ਬਣੋ ਤੇ ਮੌਤ ਦਾ ਭੈ ਤਿਆਗ ਕੇ ਆਪਣੇ ਹੱਕਾਂ ਦੀ ਰਾਖੀ ਕਰੋ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਚਾਰ ਤੋਂ ਭੈ-ਭੀਤ ਹੋ ਕੇ ਔਰੰਗਜ਼ੇਬ ਨੇ ਆਪ ਜੀ ਨੂੰ ਗ੍ਰਿਫਤਾਰ ਕਰ ਕੇ ਦਿੱਲੀ ਭੇਜਿਆ ਤਾਂ ਭਾਈ ਦਿਆਲਾ ਜੀ ਵੀ ਆਪ ਜੀ ਦੇ ਨਾਲ ਸਨ। ਮੁਗ਼ਲ ਹਾਕਮ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਡਰ, ਭੈ ਜਾਂ ਲਾਲਚ ਦੇ ਕੇ ਗੁਰੂ ਜੀ ਨੂੰ ਇਸਲਾਮ ਦੇ ਦਾਇਰੇ ਵਿਚ ਲੈ ਆਈਏ। ਪਰ ਜਦੋਂ ਸਾਰੇ ਯਤਨ ਫੇਲ੍ਹ ਹੋ ਗਏ ਤਾਂ ਉਨ੍ਹਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ਼ ਵਿਚ ਬਿਠਾ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਭਾਈ ਦਿਆਲਾ ਜੀ ਅੰਤਮ ਸੁਆਸਾਂ ਤਕ ਗੁਰਬਾਣੀ ਦਾ ਪਾਠ ਕਰਦੇ ਰਹੇ। ਆਪ ਹੱਸਦੇ-ਹੱਸਦੇ ਸ਼ਹੀਦ ਹੋ ਗਏ, ਪਰ ਸਿੱਖੀ ਨੂੰ ਲਾਜ ਨਹੀਂ ਲੱਗਣ ਦਿੱਤੀ।