Bhai Mardana ji : ਭਾਈ ਮਰਦਾਨਾ ਆਪਣੇ ਮਾਂ ਪਿਓ ਦਾ ਇਕਲੌਤਾ ਲਾਡਲਾ ਤੇ ਪਿਆਰਾ ਪੁੱਤਰ ਸੀ। ਉਸ ਤੋਂ ਪਹਿਲਾਂ ਛੇ ਬੱਚੇ ਹੋਏ ਪਰ ਉਨ੍ਹਾਂ ਦੀ ਕਿਸਮਤ ਵਿਚ ਦੁਨੀਆ ਦੇਖਣੀ ਨਸੀਬ ਨਹੀਂ ਸੀ। ਉਹ ਜੰਮਦੇ ਗਏ ਮਰਦੇ ਗਏ ਜਦ ਇਹ ਸੱਤਵਾਂ ਬਾਲ ਮਰਦਾਨਾ ਹੋਇਆ ਤਾਂ ਮਾਪਿਆਂ ਨੇ ਸਤਵੀਂ ਸੰਤਾਨ ਨੂੰ ਬਚਾਉਣ ਦੇ ਮਕਸਦ ਨਾਲ ਉਸ ਦਾ ਨਾਂ ਰੱਖ ਦਿਤਾ ‘ਮਰਜਾਣਾ’ ਰੱਖ ਦਿੱਤਾ। ਪਰ ਬਾਬੇ ਨਾਨਕ ਵੱਲੋਂ ਮਰ ਜਾਣੇ ਦਾ ਨਾਂ ਮਰਦਾਨਾ ਰੱਖ ਕੇ ਉਸ ਨੂੰ ਆਜੀਵਨ ਜਿਊਂਦੇ ਰਹਿਣ ਦਾ ਵਰਦਾਨ ਦੇ ਦਿੱਤਾ।
ਇਕ ਦਿਨ ਬਾਬਾ ਜੀ ਦਰੱਖਤ ਹੇਠ ਅਰਾਮ ਕਰ ਰਹੇ ਸਨ ਕਿਸੇ ਪਾਸਿਉਂ ਰਬਾਬ ਦੇ ਵੱਜਣ ਦੀ, ਅਲੌਕਿਕ ਧੁਨ ਦੇ ਉਪਜਣ ਦੀ ਅਵਾਜ਼ ਗੁਰੂ ਬਾਬੇ ਦੇ ਕੰਨੀਂ ਪਈ । ਬਾਬਾ ਨਾਨਕ ਜੀ ਜਾਣ ਗਏ ਉਨ੍ਹਾਂ ਦੀ ਤਲਾਸ਼ ਸੰਪਨ ਹੋ ਗਈ ਹੈ ਹੁਣ ਤੰਦੀ ਦਾ ਸਾਜ ਮਿਲ ਹੀ ਜਾਣਾ, ਰਬਾਬ ਵੀ ਤੇ ਰਬਾਬੀ ਵੀ। ਭਾਈ ਮਰਦਾਨਾ ਉਨ੍ਹਾਂ ਕੋਲ ਆਇਆ ਤਾਂ ਗੁਰੂ ਬਾਬਾ ਜੀ ਨੇ ਆਪਣੇ ਮੁਖਾਰਬਿੰਦ ਤੋਂ ਮੁਸਕਰਾ ਕੇ ਕਿਹਾ- ਹੁਣ ਮਰਦਾ ਨਾ , ਤੂੰ ਹੁਣ ਕਦੇ ਨਹੀਂ ਮਰਨਾ ਹੈ ; ਰਹਿੰਦੇ ਜਗਤ ਤਕ ਤੇਰਾ ਨਾਂ ਜੀਵਤ ਰਹਿਣਾ ਹੈ। ਬਾਬਾ ਜੀ ਨੇ ਇਹ ਫਰਮਾ ਕੇ ਮਰਜਾਣਾ ਨਾਂ ਅਲੋਪ ਕਰ ਦਿੱਤਾ ਤੇ ਉਸ ਦਾ ਨਾਂ ਮਰਦਾਨਾ ਪਾ ਦਿਤਾ।
ਰਾਇ ਭੋਇ ਦੀ ਤਲਵੰਡੀ ਨੂੰ ਜੋ ਅੱਜ ਗੌਰਵ , ਪ੍ਰਤਿਸ਼ਠਾ ਤੇ ਮੁਬਾਰਕ ਹਾਸਲ ਹੈ ਇਹ ਹਾਸਲਤਾ ਬਹੁਤ ਮੁਸ਼ਕਲ ਸੀ ਜੇਕਰ ਇਸ ਸਥਾਨ ‘ਤੇ ਬਾਬਾ ਜੀ ਨੇ ਪਹਿਲੀ ਕਿਲਕਾਰੀ, ਪਹਿਲੀ ਚੀਕ ਮਾਰੀ ਨਾ ਹੁੰਦੀ ; ਪਹਿਲੀ ਅੱਖ ਝਪਕੀ ਨਾ ਹੁੰਦੀ । ਬਿਨਾਂ-ਸ਼ੱਕ ਇਸ ਸਥਾਨ ਦੀ ਸਰਬ ਵਿਆਪੀ ਨਾਮਵਰੀ ਦਾ ਮੂਲ ਕਾਰਨ ਗੁਰੂ ਬਾਬੇ ਨਾਨਕ ਜੀ ਦੇ ਜਨਮ ਅਸਥਾਨ ਵਜੋਂ ਹੀ ਹੈ।ਪਰ ਇਸ ਨਗਰ ਦੀ ਦੁਨਿਆਵੀ ਪ੍ਰਸਿੱਧਤਾ ਦੇ ਕਾਰਨਾਂ ਵਿਚ ਬਾਬੇ ਤੋਂ ਇਲਾਵਾ ਦੋ ਹੋਰ ਪੁਰਖੇ ਵੀ ਵਿਸ਼ੇਸ ਹਨ ਭਾਈ ਮਰਦਾਨਾ ਜੀ ਤੇ ਚੌਧਰੀ ਰਾਏ ਬੁਲਾਰ ਭੱਟੀ ਜੀ। ਸਿੱਖ-ਧਰਮ ਦੇ ਜਾਵੀਏ ਤੋਂ ਇਹ ਵੀ ਪਰਮ-ਸਥਾਨ ਪਾ ਗਏ ਅਤੇ ਇਹ ਤਲਵੰਡੀ ਦੀ ਉਪਮਾ ਨੂੰ ਮਹਾਨ ਕਰ ਗਏ। ਪੰਜਾਬੀ-ਦੁਨੀਆ ਵਿਚ ਸ੍ਰੀ ਨਨਕਾਣਾ ਸਾਹਿਬ ਦੀ ਜਾਂ ਗੁਰੂ ਬਾਬੇ ਜੀ ਦੀ ਗੱਲ ਹੁੰਦੀ ਹੈ ਤਾਂ ਇਨ੍ਹਾਂ ਦੋਹਾਂ ਦਾ ਨਿਜ ਰੂਪ ਵਿਚ ਗੁਰੂ ਬਾਬਾ ਜੀ ਨਾਲ ਬਹੁਤ ਹੀ ਡੂੰਘਾ ਰਿਸ਼ਤਾ ਹੈ।