Bhangra’s teacher and : ਲੁਧਿਆਣਾ : ਪ੍ਰੋ. ਇੰਦਰਜੀਤ ਸਿੰਘ ਜੋ ਕਿ ਭੰਗੜੇ ਦੇ ਉਸਤਾਦ ਤੇ ਸਿਰਮੌਰ ਸਿੱਖਿਆ ਸ਼ਾਸਤਰੀ ਹਨ, ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਲੁਧਿਆਣਾ ਦੇ CMC ਹਸਪਤਾਲ ‘ਚ ਆਖਰੀ ਸਾਹ ਲਏ। ਜਲੰਧਰ ‘ਚ ਸੜਕ ਹਾਦਸੇ ਦੌਰਾਨ 12 ਮਾਰਚ ਨੂੰ ਸਿਰ ‘ਚ ਸੱਟ ਵੱਜਣ ਕਾਰਨ ਉਹ ਬੇਹੋਸ਼ ਹੋ ਗਏ ਸਨ ਤੇ ਆਖਰੀ ਸਮੇਂ ਤੱਕ ਉਹ ਇਸ ਸੱਟ ਤੋਂ ਠੀਕ ਨਹੀਂ ਹੋ ਸਕੇ। ਅਕਾਲੀ ਸਿਆਸਤ ਵਿੱਚ ਵੀ ਆਪ ਲੰਮਾ ਸਮਾਂ ਸਰਗਰਮ ਰਹੇ ਅਤੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਦੇ ਵੀ ਪ੍ਰਧਾਨ ਬਣੇ। ਉਨ੍ਹਾਂ ਦੀ ਮੌਤ ਨਾਲ ਸਭਿਆਚਾਰਕ ਤੇ ਸਿੱਖਿਆ ਅਦਾਰਿਆਂ ‘ਚ ਸੋਗ ਦੀ ਲਹਿਰ ਫ਼ੈਲ ਗਈ ਹੈ।
ਆਪ ਗੁਰੂ ਨਾਨਕ ਕਾਲਜ ਸੁਖਚੈਨਆਣਾ ਫਗਵਾੜਾ ਤੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪ੍ਰਿੰਸੀਪਲ ਵੀ ਬਣੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਆਪ ਰਜਿਸਟਰਾਰ ਵੀ ਰਹੇ। ਪ੍ਰੋ: ਇੰਦਰਜੀਤ ਸਿੰਘ ਲਾਇਲਪੁਰ ਖਾਲਸਾ ਕਾਲਜ ਜਲੰਧਰ ‘ਚ ਕਾਮਰਸ ਦੇ ਪ੍ਰੋਫੈਸਰ ਸਨ ਪਰ ਭੰਗੜੇ ਦੇ ਉਸਤਾਦ ਵਜੋਂ ਉਨ੍ਹਾਂ ਸੈਂਕੜੇ ਸ਼ਾਗਿਰਦ ਲੋਕ ਨਾਚ ਭੰਗੜਾ ਤੇ ਸੰਗੀਤ ਖੇਤਰ ‘ਚ ਉਤਾਰੇ ਜਿੰਨ੍ਹਾਂ ਚੋਂ ਮਲਕੀਤ ਸਿੰਘ ਗੋਲਡਨ ਸਟਾਰ, ਸਰਬਜੀਤ ਚੀਮਾ, ਰੂਪ ਲਾਲ ਮਕਬੂਲ ਤੋਂ ਇਲਾਵਾ ਕਈ ਗਾਇਕ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪ੍ਰੋ: ਇੰਦਰਜੀਤ ਸਿੰਘ ਦੇ ਵਿਛੋੜੇ ਤੇ ਅਫਸੋਸ ਪ੍ਰਗਟ ਕੀਤਾ। ਇਸ ਮੌਕੇ ਪੰਜਾਬੀ ਲੋਕ ਗਾਇਕ ਪੰਮੀ ਬਾਈ, ਸੁਰਿੰਦਰ ਸ਼ਿੰਦਾ, ਮੰਨਾ ਢਿੱਲੋਂ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਸੁਰਜੀਤ ਸਪੋਰਟਸ ਅਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ, ਯਾਦਵਿੰਦਰ ਸਿੰਘ ਘੁੰਮਣ ਯੂ ਐੱਸ ਏ, ਕਰਮਪਾਲ ਸਿੰਘ ਢਿੱਲੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ:ਐੱਸ ਪੀ ਸਿੰਘ,ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਸਕੱਤਰ ਜਨਰਲ ਡਾ: ਨਿਰਮਲ ਜੌੜਾ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਡਾ: ਸਤੀਸ਼ ਸ਼ਰਮਾ ਸਰਪ੍ਰਸਤ, ਸਕੱਤਰ ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ ਤੋਂ ਇਲਾਵਾ ਕਈ ਸਭਿਆਚਾਰਕ ਹਸਤੀਆਂ ਨੇ ਪ੍ਰੋ: ਇੰਦਰਜੀਤ ਸਿੰਘ ਦੇ ਦੇਹਾਂਤ ‘ਤੇ ਅਫਸੋਸ ਪ੍ਰਗਟ ਕੀਤਾ।