Bhartiya Kisan Union : ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਿਸਾਨੀ ਲਹਿਰ ਦੀ ਮਜਬੂਤੀ ਲਈ ਅੱਜ 12 ਜਿਲ੍ਹਿਆਂ ਤੋਂ 292 ਵਹੀਕਲਾਂ (ਟ੍ਰੈਕਟਰ ਟਰਾਲੀਆਂ, ਕੈਂਟਰਾਂ,ਬੱਸਾਂ ਆਦਿ) ਰਾਹੀਂ ਹਜਾਰਾਂ ਕਿਸਾਨ ਮਜਦੂਰ ਦਿੱਲੀ ਵੱਲ ਰਵਾਨਾ ਹੋਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕੱਲ੍ਹ ਤੇ ਅੱਜ 1000 ਤੋਂ ਵੱਧ ਪਿੰਡਾਂ ਵਿੱਚ ਸਾਜ਼ਸ਼ੀ ਤੇ ਜਾਬਰ ਮੋਦੀ ਭਾਜਪਾ ਸਰਕਾਰ ਵਿਰੁੱਧ ਅਰਥੀ ਸਾੜ ਮੁਹਿੰਮ ਵਿੱਚ ਹਜਾਰਾਂ ਕਿਸਾਨਾਂ,ਔਰਤਾਂ,ਨੌਜਵਾਨਾਂ ਤੇ ਬੱਚਿਆਂ ਨੇ ਭਾਗ ਲਿਆ। ਥਾਂ ਥਾਂ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਸ਼ਾਂਤਮਈ ਕਿਸਾਨ ਘੋਲ਼ ਨੂੰ ਬਦਨਾਮ ਕਰਨ ਲਈ ਫਿਰਕੂ ਆਗੂਆਂ ਦੁਆਰਾ ਗੁੰਮਰਾਹ ਕੀਤੇ ਨੌਜਵਾਨਾਂ ਰਾਹੀਂ 26 ਜਨਵਰੀ ਵਾਲੇ ਦਿਨ ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ ਤੇ ਖਾਲਿਸਤਾਨੀ ਨਾਅਰੇ ਲਗਵਾਏ ਗਏ। ਇਸ ਦਾ ਠੋਸ ਸਬੂਤ ਉਸ ਮੌਕੇ ਮੂਕ ਦਰਸ਼ਕ ਬਣਿਆ ਖੜ੍ਹਾ ਪੁਲਿਸ ਲਸ਼ਕਰ ਬਣਿਆ। ਉਲਟਾ ਵਾਪਸ ਮੁੜ ਰਹੇ ਕ੍ਰਿਤੀ ਲੋਕਾਂ ਉਪਰ ਪੁਲਿਸ ਵੱਲੋਂ ਲਾਠੀਆਂ ਗੋਲੀਆਂ ਵਰ੍ਹਾ ਕੇ ਸੈਂਕੜੇ ਕਿਸਾਨ ਜ਼ਖਮੀ ਕੀਤੇ ਗਏ ਅਤੇ ਯੂ ਪੀ ਦਾ ਨੌਜਵਾਨ ਨਵਰੀਤ ਸਿੰਘ ਸ਼ਹੀਦ ਕੀਤਾ ਗਿਆ।
ਲੱਗਭਗ 200 ਬੰਦਿਆਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਅਤੇ 50 ਟ੍ਰੈਕਟਰ ਜ਼ਬਤ ਕੀਤੇ ਗਏ। ਅਗਲੇ ਦਿਨਾਂ ‘ਚ ਪੁਲਿਸ ਦੀ ਸ਼ਹਿ ਨਾਲ ਆਰ ਐਸ ਐਸ ਭਾਜਪਾ ਦੇ ਗੁੰਡਾ ਟੋਲਿਆਂ ਵੱਲੋਂ ਸ਼ਾਂਤਮਈ ਬੈਠੇ ਕਿਸਾਨਾਂ ਉਪਰ ਥਾਂ-ਥਾਂ ਹਮਲੇ ਵੀ ਕੀਤੇ ਗਏ ਪਰ ਹਰ ਥਾਂ ਇਨ੍ਹਾਂ ਫਿਰਕੂ ਫਾਸ਼ੀ ਅਨਸਰਾਂ ਨੂੰ ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਬਹੁਤ ਦਲੇਰੀ ਨਾਲ ਖਦੇੜਿਆ ਗਿਆ। ਯੂ. ਪੀ. ਅਤੇ ਹਰਿਆਣੇ ਤੋਂ ਵੱਡੀ ਗਿਣਤੀ ‘ਚ ਕਿਸਾਨ ਕਾਫਲੇ ਕਿਸਾਨਾਂ ਦੇ ਹੱਕ ਵਿੱਚ ਰਾਤੋ-ਰਾਤ ਪਹੁੰਚ ਗਏ ਅਤੇ ਲਗਾਤਾਰ ਪਹੁੰਚ ਰਹੇ ਹਨ। ਇਸ ਮੌਕੇ ਜਥੇਬੰਦੀ ਵੱਲੋਂ ਸੈਂਕੜੇ ਕਿਸਾਨਾਂ ਦਾ ਕਾਫਲਾ ਟਿਕਰੀ ਬਾਰਡਰ ਤੋਂ ਕੁੰਡਲੀ ਬਾਰਡਰ ‘ਤੇ ਡਟੇ ਹੋਏ ਕਿਸਾਨਾਂ ਦੀ ਹਿਮਾਇਤ ਲਈ ਵੀ ਭੇਜਿਆ ਗਿਆ। ਲੋੜ ਪਈ ਤਾਂ ਹੋਰ ਜੱਥੇ ਵੀ ਭੇਜੇ ਜਾਣਗੇ। ਮਿਹਨਤਕਸ਼ ਲੋਕਾਂ ਦਾ ਜੁਝਾਰੂ ਏਕਾ ਹੀ ਸਰਕਾਰ ਦੇ ਜਾਬਰ ਹੱਲੇ ਨੂੰ ਪਛਾੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਕਿਸਾਨਾਂ ਉੱਪਰ ਸਰਕਾਰ ਦੁਆਰਾ ਮੁੜ ਟਕਰਾਅ ਦੀ ਸਥਿਤੀ ਬਣਾਈ ਜਾ ਸਕਦੀ ਹੈ। ਇਸ ਲਈ ਦਿੱਲੀ ਵੱਲ ਹਜ਼ਾਰਾਂ ਕਿਸਾਨ ਮਜਦੂਰ ਭੈਣਾਂ ਭਰਾਵਾਂ ਦੇ ਛੋਟੇ ਵੱਡੇ ਕਾਫਲੇ ਰੋਜ਼ਾਨਾ ਮੋਰਚਿਆਂ ਵਾਲੀਆਂ ਥਾਂਵਾਂ ਤੇ ਭੇਜੇ ਜਾ ਰਹੇ ਹਨ। ਖਾਲਿਸਤਾਨੀ ਤੱਤਾਂ ਨਾਲ਼ੋਂ ਵੀ ਮੁਕੰਮਲ ਨਿਖੇੜਾ ਕੀਤਾ ਜਾ ਰਿਹਾ ਹੈ।
ਬੁਲਾਰਿਆਂ ਨੇ ਰੇਲਾਂ ਰਾਹੀਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਲਈ ਰੋਹਤਕ ਤੋਂ ਅੱਗੇ ਦਿੱਲੀ ਦਾ ਰੇਲਵੇ ਰੂਟ ਬਦਲਣ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਕਿਸਾਨਾਂ ਨੂੰ ਆਪਣੇ ਵਹੀਕਲਾਂ ਰਾਹੀਂ ਹੀ ਜਾਣ ਦੀ ਸਲਾਹ ਦਿੱਤੀ ਗਈ। ਵਲੰਟੀਅਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਗਲਤ ਅਨਸਰਾਂ ਨੂੰ ਮੋਰਚੇ ਵਾਲੀ ਥਾਂ ਤੋਂ ਦੂਰ ਰੱਖਿਆ ਜਾਵੇ। ਇਸ ਸਾਜਿਸ਼ੀ ਅਤੇ ਜਾਬਰ ਹੱਲੇ ਵਿਰੁੱਧ ਪੂਰੇ ਪੰਜਾਬ ਵਿੱਚ ਅਰਥੀ ਫੂਕ ਮੁਜ਼ਾਹਰੇ ਵੀ ਰੋਜ਼ਾਨਾ ਕੀਤੇ ਜਾ ਰਹੇ ਹਨ। ਕਾਰਪੋਰੇਟ ਘਰਾਣਿਆਂ ਟੋਲ ਪਲਾਜ਼ਿਆ ਵੱਡੇ ਸ਼ਾਪਿੰਗ ਮੌਲਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਚੱਲ ਰਹੇ ਪੱਕੇ ਮੋਰਚੇ ਵੀ ਹੋਰ ਵਿਸ਼ਾਲ ਅਤੇ ਮਜ਼ਬੂਤ ਕੀਤੇ ਜਾ ਰਹੇ ਹਨ। ਪਿੰਡਾਂ ਸ਼ਹਿਰਾਂ ਦੇ ਹਰੇਕ ਮਿਹਨਤੀ ਪ੍ਰਵਾਰ ਨੂੰ ਦਿੱਲੀ ਮੋਰਚੇ ‘ਤੇ ਜਾਣ ਸੰਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੱਜ ਥਾਂ ਥਾਂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਸੁਨੀਲ ਕੁਮਾਰ ਭੋਡੀਪੁਰਾ,ਮੋਠੂ ਸਿੰਘ ਕੋਟੜਾ,ਗੁਰਮੀਤ ਸਿੰਘ ਕਿਸ਼ਨਪੁਰਾ, ਬਲਵੰਤ ਸਿੰਘ ਘੁਡਾਣੀ, ਕੁਲਦੀਪ ਸਿੰਘ ਮੱਤੇਨੰਗਲ, ਜਸਵੀਰ ਸਿੰਘ ਗੰਡੀਵਿੰਡ,ਮੋਹਨ ਸਿੰਘ ਨਕੋਦਰ ਅਤੇ ਲਖਵਿੰਦਰ ਸਿੰਘ ਮੰਜਿਆਂਵਾਲੀ ਆਦਿ ਸ਼ਾਮਲ ਸਨ।