Bhikhan Shah carrying : ਭੀਖਣ ਸ਼ਾਹ ਇਕ ਪਹੁੰਚੇ ਹੋਏ ਫ਼ਕੀਰ ਸਨ ਜੋ ਪਿੰਡ ਸਿਆਣਾਂ ਚ ਰਹਿੰਦੇ ਸਨ। ਲੱਖਾਂ ਹਿੰਦੂ ਅਤੇ ਮੁਸਲਮਾਨ ਉਨ੍ਹਾਂ ਦੀ ਇਬਾਦਤ ਅਤੇ ਪਾਕ ਪਵਿੱਤਰ ਜੀਵਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਬਹੁਤ ਆਦਰ ਸਤਿਕਾਰ ਕਰਦੇ ਸਨ। ਉਥੇ ਪਟਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਇਥੇ ਪਿੰਡ ਸਿਆਣਾ ‘ਚ ਪੀਰ ਭੀਖਣ ਸ਼ਾਹ ਜੀ ਨੂੰ ਇਬਾਦਤ ਕਰਦੇ ਹੋਏ ਪੂਰਬ ਵਾਲੇ ਪਾਸੇ ਇਕ “ਰੱਬੀ ਨੂਰ” ਦਿਖਾਈ ਦਿਤੇ। ਉਸ ਦਿਨ ਉਨ੍ਹਾਂ ਨੇ ਪਛੱਮ ਦੀ ਬਜਾਏ ਪੂਰਬ ਵੱਲ ਸਿਜਦਾ ਕੀਤਾ। ਉਨ੍ਹਾਂ ਦੇ ਨਾਲ ਦੇ ਸਾਥੀ ਇਹ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਇਸ ਦਾ ਕਾਰਨ ਪੁਛਿਆ। ਪੀਰ ਭੀਖਣ ਸ਼ਾਹ ਜੀ ਨੇ ਦਸਿਆ ਕਿ ਅੱਜ ਮੈਂ ਪੂਰਬ ਵਾਲੇ ਪਾਸੇ ਪਟਨਾ ਸ਼ਹਿਰ ਇਕ ਰੱਬੀ ਨੂਰ ਵੇਖਿਆ ਹੈ| ਉਥੇ ਇਕ ਮਹਾਪੁਰਖ ਦੇ ਘਰ ਰੱਬੀ ਪੈਨੰਬਰ ਨੇ ਜਨਮ ਲਿਆ ਹੈ। ਮੈਂ ਉਸ ਬਾਲਕ ਦੇ ਦਰਸਨ ਕਰਨਾ ਚਾਹੁੰਦਾ ਹਾਂ।
ਪੀਰ ਜੀ ਆਪਣੇ ਕੁਝ ਚੋਣਵੇਂ ਸਾਥੀਆਂ ਨੂੰ ਲੈ ਕੇ ਸੈਂਕੜੇ ਮੀਲਾਂ ਦਾ ਸਫਰ ਕਰਕੇ ਗੰਗਾ ਕਿਨਾਰੇ ਪਟਨਾ ਸ਼ਹਿਰ ਵਿਖੇ ਪਹੁੰਚ ਗਏ। ਉਥੇ ਜਾ ਕੇ ਉਨ੍ਹਾਂ ਨੂੰ ਪਤਾ ਲਗਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਇਕ ਬਾਲਕ ਨੇ ਜਨਮ ਲਿਆ ਹੈ| ਪੀਰ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਜਾ ਕੇ ਬਾਲਾ ਪ੍ਰੀਤਮ ਦੇ ਦਰਸ਼ਨਾ ਦੀ ਮੰਗ ਕੀਤੀ। ਪੀਰ ਜੀ ਦੇ ਬਾਰੇ ਪਤਾ ਲੱਗਣ ‘ਤੇ ਉਨ੍ਹਾਂ ਨੇ ਪੀਰ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦੀਵਾਨਖਾਨੇ ਵਿਚ ਬਿਠਾਇਆ। ਪੀਰ ਜੀ ਦੇ ਆਉਣ ਦੀ ਖਬਰ ਸੁਣ ਕੇ ਪਟਨੇ ਦੀ ਹੋਰ ਸਿਖ ਸੰਗਤ ਵੀ ਜੁੜ ਗਈ ਅਤੇ ਸਾਰਾ ਦੀਵਾਨ ਪ੍ਰੇਮੀਆਂ ਨਾਲ ਭਰ ਗਿਆ। ਮਾਮਾ ਕ੍ਰਿਪਾਲ ਚੰਦ ਜੀ ਬਾਲਾ ਪ੍ਰੀਤਮ ਨੂੰ ਲੈ ਕੇ ਦੀਵਾਨ ਵਿਚ ਆ ਗਏ।
ਪੀਰ ਭੀਖਣ ਸ਼ਾਹ ਜੀ ਨੇ ਆਪਣੇ ਨਾਲ ਦੋ ਮਠਿਆਈ ਦੇ ਕੁੱਜੇ ਵੀ ਲਿਆਂਦੇ ਸਨ। ਬਾਲਾ ਪ੍ਰੀਤਮ ਦੇ ਦਰਸ਼ਨ ਕਰਕੇ ਉਨ੍ਹਾਂ ਨੇ ਸਿਜਦਾ ਕੀਤਾ ਅਤੇ ਚਰਨ-ਬੋਸੀ ਕੀਤੀ। ਫਿਰ ਉਨ੍ਹਾਂ ਨੇ ਦੋਵੇਂ ਕੁੱਜੇ ਬਾਲਕ ਸ੍ਰੀ ਦਸ਼ਮੇਸ਼ ਪਿਤਾ ਵੱਲ ਵਧਾਏ ਅਤੇ ਬੇਨਤੀ ਕੀਤੀ ਕਿ ਹਜ਼ੂਰ ਇਨ੍ਹਾਂ ਵਿਚੋਂ ਤੁਹਾਡਾ ਕੁੱਜਾ ਕਿਹੜਾ ਹੈ। ਬਾਲਕ ਸ੍ਰੀ ਦਸ਼ਮੇਸ਼ ਪਿਤਾ ਜੀ ਨੇ ਦੋਹਾਂ ਕੁੱਜਿਆਂ ਉਤੇ ਆਪਣੇ ਦੋਵੇਂ ਹੱਥ ਰੱਖ ਦਿੱਤੇ। ਪੀਰ ਭੀਖਣ ਸ਼ਾਹ ਜੀ ਨੇ ਫਿਰ ਬਡੇ ਸਤਿਕਾਰ ਨਾਲ ਸਿਜਦਾ ਕੀਤਾ ਅਤੇ ਉਨ੍ਹਾਂ ਦੇ ਕੋਮਲ ਛੋਟੇ ਛੋਟੇ ਚਰਨਾਂ ਨੂੰ ਚੁੰਮ ਲਿਆ। ਪੀਰ ਜੀ ਨੇ ਦੋਵੇਂ ਕੁੱਜੇ ਦਸ਼ਮੇਸ਼ ਪਿਤਾ ਜੀ ਨੂੰ ਭੇਟ ਕਰਨ ਦੀ ਬਜਾਏ ਆਪਣੇ ਸਾਥੀਆਂ ਨੂੰ ਫੜਾ ਦਿੱਤੇ। ਸੰਗਤ ਦੇ ਪੁਛੱਣ ‘ਤੇ ਪੀਰ ਜੀ ਨੇ ਦਸਿਆ ਕਿ ਜਦ ਇਸ ਰੱਬੀ ਨੂਰ ਨੇ ਜਨਮ ਲਿਆ ਸੀ ਤਾਂ ਮੇਰੇ ਮਨ ਵਿਚ ਸਵਾਲ ੳਠਿਆ ਸੀ ਕਿ ਕੀ ਇਹ ਹਿੰਦੂਆਂ ਦਾ ਸਾਥ ਦੇਣਗੇ ਕਿ ਮੁਸਲਮਾਨਾਂ ਦਾ। ਇਸ ਲਈ ਇਕ ਕੁੱਜਾ ਮੈਂ ਹਿੰਦੂਆਂ ਦਾ ਪ੍ਰਤੀਕ ਬਣਾਇਆ ਸੀ ਤੇ ਇਕ ਕੁੱਜਾ ਮੁਸਲਮਾਨਾਂ ਦਾ। ਦੋਹਾਂ ਕੁੱਜਾਂ ‘ਤੇ ਹੱਥ ਕੇ ਇਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਮੁਸਲਮਾਨਾਂ ਅੱਤੇ ਹਿੰਦੂਆਂ ਦੋਨੋ ਦੇ ਪੀਰ ਹੋਣਗੇ ਅਤੇ ਦੋਹਾਂ ਦੀ ਰਖਿਆ ਕਰਣਗੇ| ਉਹ ਕੇਵਲ ਜ਼ੁਲਮ ਦਾ ਨਾਸ਼ ਕਰਣਗੇ ਅਤੇ ਸਭ ਨੂੰ ਰੱਬ ਦਾ ਨਾਮ ਜਪਣ ਲਈ ਪ੍ਰੇਰਣ ਕਰਣਗੇ। ਇਸ ਲਈ ਮੈ ਸਾਰੇ ਸਾਥੀਆਂ ਅਤੇ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਜੀ ਨੂੰ ਮੱਥਾ ਟੇਕੋ, ਸਿੱਜਦਾ ਕਰੋ ਅਤੇ ਅਪਨੇ ਮਨ ਦੀ ਮੁਰਾਦਾਂ ਪਾਉ| ਇਸ ਤਰ੍ਹਾਂ ਪੀਰ ਭੀਖਣ ਸ਼ਾਹ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਕਰਕੇ ਵਾਪਸ ਆਪਣੇ ਡੇਰੇ ਆ ਗਏ।