Bibi Amaro who : ਬੀਬੀ ਅਮਰੋ ਜੋ ਕਿ ਸਿੱਖ ਇਤਿਹਾਸ ਦੀ ਮਹਾਨ ਔਰਤ ਹੋਈ ਹੈ ਤੇ ਜਿਨ੍ਹਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਵੀ ਕੀਤਾ ਗਿਆ ਹੈ। ਉਨ੍ਹਾਂ ਦਾ ਜਨਮ ਮਾਤਾ ਖੀਵੀ ਦੀ ਕੁਖੋਂ ਹੋਇਆ ਤੇ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਭ ਤੋਂ ਵੱਡੀ ਸਪੁੱਤਰੀ ਸਨ ਤੇ ਉਨ੍ਹਾਂ ਦਾ ਜਨਮ ਖਡੂਰ ਸਾਹਿਬ ਵਿਖੇ ਹੋਇਆ। ਬਚਪਨ ਤੋਂ ਹੀ ਬੀਬੀ ਅਮਰੋ ਦੀ ਦਿਲਚਸਪੀ ਧਾਰਮਿਕ ਕੰਮਾਂ ‘ਚ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਕਈ ਸ਼ਬਦ ਇਨ੍ਹਾਂ ਨੇ ਕੰਠ ਕੀਤੇ ਹੋਏ ਸਨ। ਬੀਬੀ ਅਮਰੋ ਦਾ ਵਿਆਹ ਬਾਸਰਕੇ ਪਿੰਡ ‘ਚ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਕੀਤਾ ਗਿਆ।
ਬੀਬੀ ਅਮਰੋ ਨੇ ਗੁਰੂ ਅਮਰਦਾਸ ਨੂੰ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਵਾਏ ਜਿਹੜੇ ਉਨ੍ਹਾਂ ਦੇ ਸਿੱਖ ਬਣ ਗਏ ਤੇ ਬਾਅਦ ‘ਚ ਉਨ੍ਹਾਂ ਦੀ ਗੱਦੀ ‘ਤੇ ਬਿਰਾਜਮਾਨ ਵੀ ਹੋਏ। ਬੀਬੀ ਅਮਰੋ ਆਪਣੀ ਸੱਚੀ ਸੁੱਚੀ ਜੀਵਨੀ ਕਰਕੇ ਪ੍ਰਸਿੱਧ ਸਨ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਕਈ ਬਾਣੀਆਂ ਇਨ੍ਹਾਂ ਨੇ ਜ਼ੁਬਾਨੀ ਯਾਦ ਕਰ ਲਈਆਂ ਸਨ, ਜਿਸ ਦਾ ਉਚਾਰਨ ਉਹ ਰੋਜ਼ ਸਵੇਰੇ ਅੰਮ੍ਰਿਤ ਵੇਲੇ ਕਰਦੇ ਸਨ। ਇੱਕ ਵਾਰ ਅਮਰਦਾਸ ਜੀ ਨੇ ਬੀਬੀ ਅਮਰੋ ਦੇ ਮੂੰਹੋਂ ਇੱਕ ਸ਼ਬਦ ਦਾ ਪਾਠ ਸੁਣਿਆ ਅਤੇ ਇਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦੇ ਮਨ ‘ਚ ਇੰਨੀ ਅਧਿਆਤਮਕ ਸਚਾਈ ਵਾਲੀ ਬਾਣੀ ਦੇ ਰਚਨਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਇੱਛਾ ਜਾਗ੍ਰਿਤ ਹੋਈ।
ਜਦੋਂ ਬਾਬਾ ਜੀ ਨੇ ਗੁਰੂ ਅੰਗਦ ਦੇਵ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਦੀ ਭਟਕਣਾ ਖ਼ਤਮ ਹੋ ਗਈ। ਉਨ੍ਹਾਂ ਦੀ ਉਮਰ ਉਸ ਵੇਲੇ ਛੇ ਦਹਾਕੇ ਪਾਰ ਕਰ ਚੁੱਕੀ ਸੀ ਅਤੇ ਗੁਰੂ ਅੰਗਦ ਦੇਵ ਹਾਲੇ 37 ਸਾਲ ਦੇ ਹੀ ਸਨ। ਗੁਰੂ ਸਾਹਿਬ ਦੇ ਚਰਨਾਂ ‘ਚ ਰਹਿ ਕੇ ਬਾਬਾ ਜੀ ਨੇ ਸੇਵਾ ਅਤੇ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਅਤੇ 11-12 ਸਾਲ ਦੀ ਸਖਤ ਘਾਲਣਾ ਤੋਂ ਬਾਅਦ ਪਰਮਪਦ (ਗੁਰਿਅਈ) ਪਦਵੀ ਤੱਕ ਪਹੁੰਚ ਗਏ। ਇਸ ਪਦਵੀ ਦੀ ਪ੍ਰਾਪਤੀ ਨਾਲ ਜਿਥੇ ਗੁਰੂ ਅਮਰਦਾਸ ਨੂੰ ਗੁਰੂ ਨਾਨਕ ਦੇ ਦਰਬਾਰ ’ਚੋਂ ਰੱਜਵਾਂ ਸਤਿਕਾਰ ਮਿਲਿਆ, ਉੱਥੇ ਸਿੱਖ ਇਤਿਹਾਸ ਵਿਚ ਬੀਬੀ ਅਮਰੋ ਨੂੰ ਵੀ ਇੱਕ ਵਿਸ਼ੇਸ਼ ਅਤੇ ਵੱਖਰੀ ਪਛਾਣ ਮਿਲੀ। ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਬੀਬੀ ਅਮਰੋ ਨੇ ਆਪਣਾ ਅੰਤਿਮ ਸਵਾਸ ਆਪਣੇ ਸਹੁਰੇ ਪਿੰਡ ਬਾਸਰਕੇ ਗਿੱਲਾਂ ਵਿੱਚ ਲਿਆ, ਜਿੱਥੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਇਸ ਨੂੰ ਬੀਬੀ ਅਮਰੋ ਦਾ ਦੇਹਰਾ ਵੀ ਕਿਹਾ ਜਾਂਦਾ ਹੈ।