Bibi Jagir Kaur : ਬੀਬੀ ਜਗੀਰ ਕੌਰ ਐੱਸ. ਜੀ. ਪੀ. ਸੀ. ਦੇ ਨਵੇਂ ਪ੍ਰਧਾਨ ਬਣ ਗਏ ਹਨ। ਇਸ ਤੋਂ ਪਹਿਲਾਂ ਵੀ ਬੀਬੀ ਜਗੀਰ ਕੌਰ ਦੋ ਵਾਰ 1999 ਅਤੇ 2004 ‘ਚ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਰਹਿ ਚੁੱਕੇ ਹਨ। ਉਹ ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਵੀ ਪ੍ਰਧਾਨ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਨ।
ਬੀਬੀ ਜਗੀਰ ਕੌਰ ਅਤੇ ਮਿੱਠੂ ਸਿੰਘ ਕਾਹਨੇਕੇ ਵਿਚਕਾਰ ਐਸ ਜੀ ਪੀ ਸੀ ਦੀ ਪ੍ਰਧਾਨਗੀ ਲਈ ਮੈਂਬਰਾਂ ਵਲੋਂ ਵੋਟਾਂ ਪਾਈਆਂ ਗਈਆਂ। ਜਿਸ ‘ਚ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਚੁਣ ਲਿਆ ਗਿਆ । ਵੋਟਾਂ ‘ਚ ਬੀਬੀ ਜਗੀਰ ਕੌਰ ਨੇ ਬਾਜ਼ੀ ਮਾਰੀ। ਪ੍ਰਧਾਨ ਅਹੁਦੇ ਲਈ ਕੁੱਲ 143 ਵੋਟਾਂ ਪਾਈਆਂ ਗਈਆਂ ਜਿਸ ‘ਚ ਬੀਬੀ ਜਗੀਰ ਕੌਰ ਨੂੰ 122 ਅਤੇ ਮਿੱਠੂ ਸਿੰਘ ਨੂੰ 20 ਵੋਟਾਂ ਮਿਲੀਆਂ। ਇੱਕ ਵੋਟ ਰੱਦ ਹੋਇਆ। ਸੁਰਜੀਤ ਸਿੰਘ ਸੀਨੀਅਰ ਉਪ ਪ੍ਰਧਾਨ, ਬੂਟਾ ਸਿੰਘ ਜੂਨੀਅਰ ਉਪ ਪ੍ਰਧਾਨ ਤੇ ਭਗਵੰਤ ਸਿੰਘ ਜਨਰਲ ਸਕੱਤਰ ਚੁਣਏ ਗਏ। ਪਿਛਲੇ ਦਿਨੀਂ SGPC ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਐੱਸ. ਜੀ. ਪੀ. ਸੀ. ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਬੈਠਕ ਕਰਕੇ ਪ੍ਰਧਾਨ ਦੀ ਚੋਣ ਦੇ ਅਧਿਕਾਰ ਸਰਬ ਸੰਮਤੀ ਨਾਲ ਉਨ੍ਹਾਂ ਨੂੰ ਸੌਂਪ ਦਿੱਤਾ ਸੀ।
ਅੱਜ ਬੈਠਕ ਦੌਰਾਨ ਪ੍ਰਧਾਨ ਅਹੁਦੇ ਲਈ ਬੀਬੀ ਜਗੀਰ ਕੌਰ ਤੇ ਮਿੱਠੂ ਸਿੰਘ ਦੇ ਨਾਂ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। SGPC ਦੇ 191 ਮੈਂਬਰ ਹਨ ਜਿਨ੍ਹਾਂ ‘ਚੋਂ 5 ਤਖਤਾਂ ਦੇ ਜਥੇਦਾਰ, ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਤੇ 15 ਹੋਰ ਮੈਂਬਰ ਹਨ। SGPC ਦੇ ਸੰਵਿਧਾਨ ਮੁਤਾਬਕ 170 ਮੈਂਬਰਾਂ ਦੀ ਚੋਣ ਵੋਟਾਂ ਰਾਹੀਂ ਹੁੰਦੀ ਹੈ। ਹਰ ਸਾਲ 30 ਨਵੰਬਰ ਤੋਂ ਪਹਿਲਾਂ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਤੇ ਕਾਰਜਕਾਰੀ ਮੈਂਬਰ ਤੇ ਅਧਿਕਾਰੀਆਂ ਦਾ ਚੋਣ ਕਰਵਾਉਣਾ ਹੁੰਦਾ ਹੈ। ਇਸ ਸਮੇਂ ਜ਼ਿਆਦਾ ਮੈਂਬਰ ਅਕਾਲੀ ਦਲ ਬਾਦਲ ਦੇ ਹਨ ਅਤੇ ਉਨ੍ਹਾਂ ਨੇ ਪ੍ਰਧਾਨ ਤੇ ਹੋਰ ਅਹੁਦਿਆਂ ਦੀ ਚੋਣ ਦਾ ਅਧਿਕਾਰ ਪਾਰਟੀ ਪ੍ਰਧਾਨ ਸ. ਸੁਖਬੀਰ ਬਾਦਲ ਨੂੰ ਸੌਂਪ ਦਿੱਤਾ ਹੈ।