ਪੰਜਾਬ ਵਿੱਚ ਚੋਣਾਂ ਦਾ ਮਾਹੌਲ ਸਰਗਰਮ ਹੈ, ਇਸ ਵਿਚਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ‘ਯੂਪੀ ਬਿਹਾਰ ਦੇ ਭਈਏ’ ਵਾਲੇ ਬਿਆਨ ‘ਤੇ ਸਿਆਸਤ ਕਾਫੀ ਗਰਮਾ ਗਈ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੀ.ਐੱਮ. ਚੰਨੀ ਨੂੰ ਠੋਕਵਾਂ ਜਵਾਬ ਦਿੱਤਾ।
ਨਿਤੀਸ਼ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਬਿਹਾਰ ਦੇ ਲੋਕਾਂ ਦੀ ਵੱਡੀ ਭੂਮਿਕਾ ਹੈ। ਕੀ ਉਨ੍ਹਾਂ ਨੂੰ ਪਤਾ ਹੈ ਕਿ ਬਿਹਾਰ ਦੇ ਕਿੰਨੇ ਲੋਕ ਉਥੇ ਰਹਿ ਰਹੇ ਹਨ ਤੇ ਕਿਸ ਤਰ੍ਹਾਂ ਦੀ ਸੇਵਾ ਦੇ ਰਹੇ ਹਨ? ਉਨ੍ਹਾਂ ਨੂੰ ਇਹ ਨਹੀਂ ਪਤਾ ਹੈ। ਅਸੀਂ ਤਾਂ ਹੈਰਾਨ ਹਾਂ ਕਿ ਲੋਕ ਅਜਿਹੀ ਗੱਲ ਬੋਲ ਕਿਵੇਂ ਦਿੰਦੇ ਹਨ।
ਸੁਸ਼ੀਲ ਮੋਦੀ ਨੇ ਵੀ ਸੀ.ਐੱਮ. ਚੰਨੀ ਦੇ ਇਸ ਬਿਆਨ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਹਿਲਹਾਉਂਦੀ ਖੇਤੀ ਵਿੱਚ ਬਿਹਾਰ ਤੇ ਯੂਪੀ ਦੇ ਲੋਕਾਂ ਦਾ ਪਸੀਨਾ ਵੀ ਹੈ। ਚੰਨੀ ਸਾਹਿਬ ਨੂੰ ਦੱਸ ਦਿਆਂ, ਅਜੇ ਉਹ ਨਵੇਂ-ਨਵੇਂ ਮੁੱਖ ਮੰਤਰੀ ਬਣੇ ਹਨ, ਪਤਾ ਨਹੀਂ ਅੱਗੇ ਬਣਨਗੇ ਵੀ ਜਾਂ ਨਹੀਂ… ਜੇ ਬਿਹਾਰ ਤੇ ਯੂਪੀ ਦੇ ਲੋਕ ਪੰਜਾਬ ਆਉਣਾ ਬੰਦ ਕਰ ਦੇਣ ਤਾਂ ਉਨ੍ਹਾਂ ਦੀਆਂ ਫੈਕਟਰੀਆਂ ਬੰਦ ਹੋ ਜਾਣਗੀਆਂ, ਖੇਤਾਂ ਦੇ ਅੰਦਰ ਝੋਨਾ ਤੇ ਕਣਕ ਦੀ ਖੇਤੀ ਨਹੀਂ ਹੋ ਸਕੇਗੀ।
ਦਰਅਸਲ, ਪੰਜਾਬ ਦੇ CM ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਰੂਪਨਗਰ ਵਿੱਚ ਰੈਲੀ ਦੌਰਾਨ ਬਿਹਾਰ ਅਤੇ ਯੂਪੀ ਦੇ ਵਾਸੀਆਂ ‘ਤੇ ਟਿੱਪਣੀ ਕੀਤੀ ਸੀ । ਇਸ ਦੌਰਾਨ ਪ੍ਰਿਯੰਕਾ ਗਾਂਧੀ ਵੀ ਮੌਜੂਦ ਸੀ। ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਪੰਜਾਬੀਆਂ ਦਾ ਹੈ… ਇੱਥੇ ਕੋਈ ਨਵੀਂ ਰਾਜਨੀਤੀ ਨਹੀਂ ਮਿਲੇਗੀ । ਇਹ ਜੋ ਬਾਹਰੋਂ ਆਏ ਹਨ… ਇਨ੍ਹਾਂ ਨੂੰ ਪੰਜਾਬੀਅਤ ਸਿਖਾਓ । ਇਸ ‘ਤੇ CM ਚੰਨੀ ਨੇ ਕਿਹਾ ਕਿ ਯੂਪੀ ਦੇ, ਬਿਹਾਰ ਦੇ, ਦਿੱਲੀ ਦੇ ਭਈਏ ਇੱਥੇ ਆ ਕੇ ਰਾਜ ਨਹੀਂ ਕਰਦੇ।
ਵੀਡੀਓ ਲਈ ਕਲਿੱਕ ਕਰੋ -: