Blessed Baba Vadbhag : ਧੰਨ-ਧੰਨ ਬਾਬਾ ਵੱਡਭਾਗ ਸਿੰਘ ਜੀ ਪੂਰਨ ਅੰਮ੍ਰਿਤਧਾਰੀ ਤੇ ਗੁਰਸਿੱਖ ਖਾਲਸਾ ਸਨ। ਬਾਬਾ ਵਡਭਾਗ ਸਿੰਘ ਬਾਲ ਅਵਸਥਾ ਤੋਂ ਹੀ ਅਧਿਆਤਮਿਕ ਸਨ ਤੇ ਮਨੁੱਖਤਾ ਦੀ ਸੇਵਾ ਕਰਦੇ ਸਨ। ਆਪ ਜੀ ਦਾ ਜਨਮ 13 ਅਗਸਤ 1716ਈ. ਨੂੰ ਬਾਬਾ ਰਾਮਦਾਸ ਸੋਢੀ ਦੇ ਘਰ ਮਾਈ ਰਾਜ ਕੌਰ ਦੀ ਕੁਖੋਂ ਹੋਇਆ। ਉਨ੍ਹਾਂ ਦਾ ਜਨਮ ਅਸਥਾਨ ਕਰਤਾਰਪੁਰ ਹੈ। ਉਨ੍ਹਾਂ ਦਾ ਮੂਲ ਤੌਰ ‘ਤੇ ਨਾਂ ਵਡਭਾਗ ਦਾਸ ਸੀ। ਕਰਤਾਰਪੁਰ ਵਿਖੇ ਜਥੇਦਾਰ ਕਰਮ ਸਿੰਘ ਦੀ ਪ੍ਰੇਰਣਾ ਸਦਕਾ ਉਹ ਸਿੰਘ ਬਣ ਗਏ ਅਤੇ ਵਡਭਾਗ ਸਿੰਘ ਦੇ ਨਾਂ ਨਾਲ ਜਾਣੇ ਜਾਣ ਲੱਗੇ। ਸੰਨ 1737ਈ. ‘ਚ ਪਿਤਾ ਦੇ ਦੇਹਾਂਤ ਤੋਂ ਬਾਅਦ ਬਾਬਾ ਸੋਢੀ ਵਡਭਾਗ ਸਿੰਘ ਉਨ੍ਹਾਂ ਦੇ ਉਤਰਾਧਿਕਾਰੀ ਬਣ ਗਏ। ਉਨ੍ਹਾਂ ਨੇ ਸ. ਜੱਸਾ ਸਿੰਘ ਆਹਲੂਵਾਲੀਆ ਤੋਂ ਅੰਮ੍ਰਿਤ ਛਕਿਆ ਤੇ ਦਲ ਖਾਲਸੇ ਦੀਆਂ ਮੁਹਿੰਮਾਂ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
ਲਾਹੌਰ ਦੇ ਹਾਕਮਾਂ ਨੇ ਕੁਝ ਅਫਗਾਨ ਸਿਪਾਹੀਆਂ ਦੇ ਕਤਲ ਦਾ ਦੋਸ਼ ਲਗਾ ਕੇ ਕਰਤਰਾਪੁਰ ‘ਤੇ ਹਮਲਾ ਕਰ ਦਿੱਤਾ। ਉਸ ਸਮੇਂ ਸੋਢੀ ਵਡਭਾਗ ਸਿੰਘ ਜੀ ਆਪਣੇ ਚੇਲਿਆਂ ਦੀ ਮਦਦ ਨਾਲ ਸ਼ਾਹੀ ਫੌਜ ਦੇ ਘੇਰੇ ਤੋਂ ਨਿਕਲ ਕੇ ਹੁਸ਼ਿਆਰਪੁਰ ਜਾ ਪੁੱਜੇ ਤੇ ਪਹਾੜੀ ਇਲਾਕੇ ਗਗਰੇਟ ਅਤੇ ਅੰਬ ਤੋਂ ਹੁੰਦੇ ਹੋਏ ਪਿੰਡ ਮੈੜੀ ਤੋਂ ਬਾਹਰ ਇਕ ਚਸ਼ਮੇ ਕੋਲ ਡੇਰਾ ਲਗਾ ਲਿਆ। ਉਸ ਸਮੇਂ ਮੈੜੀ ਇੱਕ ਵੀਰਾਨ ਸਥਾਨ ਸੀ ਤੇ ਇੱਥੇ ਦੂਰ-ਦੂਰ ਤਕ ਕੋਈ ਬਸਤੀ ਨਹੀਂ ਸੀ। ਇਸ ਖੇਤਰ ਵਿੱਚੋਂ ਜੇ ਕੋਈ ਲੰਘ ਜਾਂਦਾ ਸੀ ਤਾਂ ਉਸ ਨੂੰ ਭੂਤ ਪ੍ਰੇਤ ਜਾਂ ਤਾਂ ਬਿਮਾਰ ਕਰ ਦਿੰਦੇ ਸਨ ਜਾਂ ਪਾਗਲ ਕਰ ਦਿੰਦੇ ਸਨ। ਬਾਬਾ ਵਡਭਾਗ ਸਿੰਘ ਨੇ ਇਸ ਜਗ੍ਹਾ ਉੱਤੇ ਘੋਰ ਤਪ ਕੀਤਾ।
ਬਾਬਾ ਵਡਭਾਗ ਸਿੰਘ ਜੀ ਦੇ ਉਥੋਂ ਚਲੇ ਜਾਣ ਕਾਰਨ ਸੈਨਿਕਾਂ ਨੇ ਕਰਤਾਰਪੁਰ ਨੂੰ ਬਰਬਾਦ ਕਰ ਦਿੱਤਾ ਅਤੇ ਉਥੋਂ ਦੇ ਲੋਕਾਂ ‘ਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ। ਜਦੋਂ ਇਸ ਗੱਲ ਦਾ ਤਾ ਦਲ ਖਾਲਸਾ ਨੂੰ ਲੱਗਾ ਤਾਂ ਬਦਲਾ ਲੈਣ ਲਈ ਦਸੰਬਰ 1757ਈ. ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਸਿੱਖਾਂ ਨੇ ਜਲੰਧਰ ‘ਤੇ ਹਮਲਾ ਕਰ ਦਿੱਤਾ। ਲਾਹੌਰ ਦੇ ਸੂਬੇਦਾਰ ਜਹਾਨ ਖਾਨ ਨੇ 20,000 ਦੀ ਸੈਨਾ ਨੂੰ ਹਾਰ ਦਾ ਮੂੰਹ ਦੇਖਣਾ ਪਿਆਤੇ ਨਾਲ ਹੀ ਅਫਗਾਨਾਂ ਨੂੰ ਵੀ ਪੰਜਾਬ ‘ਚੋਂ ਭਜਾ ਦਿਤਾ ਗਿਆ। ਬਾਬਾ ਸੋਢੀ ਵਡਭਾਗ ਸਿੰਘ ਜੀ ਕਰਤਾਰਪੁਰ ਵਾਪਸ ਨਹੀਂ ਪਰਤੇ ਤੇ ਉਥੋਂ ਦੀ ਸੇਵਾ ਸੰਭਾਲ ਉਨ੍ਹਾਂ ਨੇ ਆਪਣੀ ਭੈਣ ਬੀਬੀ ਭਾਨੀ ਨੂੰ ਸੌਂਪ ਦਿੱਤੀ। 31 ਦਸੰਬਰ 1761ਈ. ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸ਼ਰਧਾਲੂਆਂ ਵੱਲੋਂ ਬਾਬਾ ਜੀ ਦੀ ਯਾਦ ‘ਚ ਡੇਰਾ ਬਣਵਾਇਆ ਗਿਆ ਜੋ ਹੁਣ ‘ਡੇਰਾ ਬਾਬਾ ਵਡਭਾਗ ਸਿੰਘ’ ਜੀ ਦੇ ਨਾਂ ਨਾਲ ਮਸ਼ਹੂਰ ਹੈ।
ਇਥੇ ਦੂਰੋਂ-ਦੂਰੋਂ ਸ਼ਰਧਾਲੂ ਆ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਹ ਡੇਰਾ ਜਿੰਨਾਂ, ਭੂਤਾਂ ਤੇ ਅਮਾਨਵੀ ਸ਼ਕਤੀਆਂ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਬਹੁਤ ਮਸ਼ਹੂਰ ਹੈ। ਇਹ ਵੀ ਮਾਨਤਾ ਹੈ ਕਿ ਜਿਸ ਬੇਰੀ ਹੇਠ ਬਾਬਾ ਵਡਭਾਗ ਸਿੰਘ ਜੀ ਨੇ ਡੇਰਾ ਲਗਾਇਆ ਸੀ ਉਹ ਭੂਤਾਂ ਵਾਲੀ ਬੇਰੀ ਕਰਕੇ ਪ੍ਰਸਿੱਧ ਸੀ। ਉਥੋਂ ਦੋ ਆਜੜੀਆਂ ਨੇ ਬਾਬਾ ਜੀ ਦੇ ਸੇਵਕਾਂ ਨੂੰ ਉਸ ਬੇਰੀ ਹੇਠਾਂ ਡੇਰਾ ਲਗਾਉਣ ਤੋਂ ਵੀ ਮਨ੍ਹਾ ਕੀਤਾ ਪਰ ਬਾਬਾ ਜੀ ‘ਤੇ ਉਨ੍ਹਾਂ ਭੂਤਾਂ ਦਾ ਕੋਈ ਵਸ ਨਹੀਂ ਚਲਿਆ। ਉਦੋਂ ਤੋਂ ਡੇਰੇ ਦੀ ਮਾਨਤਾ ਭੂਤ ਨਿਵਾਰਕ ਵਜੋਂ ਜ਼ਿਆਦਾ ਹੋ ਗਈ।