Breaking Humayun’s Pride : ਬਾਦਸ਼ਾਹ ਬਾਬਰ ਦੀ ਮੌਤ ਹੋਣ ਪਿੱਛੋਂ ਉਸਦਾ ਵੱਡਾ ਪੁੱਤਰ ਹੁਮਾਯੂੰ ਬਾਦਸ਼ਾਹ ਬਣਿਆ। ਪਰ ਸ਼ੇਰ ਖ਼ਾਨ ਨੇ ਕਨੌਜ ਦੇ ਮੁਕਾਮ ਉੱਪਰ, ਹੁਮਾਯੂੰ ਨੂੰ ਬੜੀ ਭਾਰੀ ਹਾਰ ਦੇ ਕੇ ਹਿੰਦੁਸਤਾਨ ਦਾ ਰਾਜ ਹਾਸਲ ਕਰ ਲਿਆ। ਹੁਮਾਯੂੰ ਆਪਣੀ ਜਾਨ ਬਚਾਉਣ ਲਈ ਆਗਰੇ ਤੋਂ ਲਾਹੌਰ ਵੱਲ ਭੱਜ ਤੁਰਿਆ। ਹੁਮਾਯੂੰ ਨੂੰ ਪੰਜਾਬ ਪੁੱਜ ਕੇ ਖ਼ਿਆਲ ਆਇਆ ਕਿ ਉਸਦੇ ਪਿਤਾ ਬਾਬਰ ਨੂੰ, ਗੁਰੂ ਨਾਨਕ ਨੇ ਕਿਹਾ ਸੀ ਕਿ ਉਸ ਦੀਆਂ ਸੱਤ ਪੁਸ਼ਤਾਂ ਹਿੰਦੁਸਤਾਨ ਉੱਪਰ ਰਾਜ ਕਰਨਗੀਆਂ। ਗੁਰੂ ਨਾਨਕ ਦੇ ਕਹੇ ਹੋਏ ਬਚਨ ਝੂਠੇ ਕਿਉਂ ਹੋ ਰਹੇ ਸਨ, ਜਦੋਂ ਕਿ ਉਸਦੀ ਅਜੇ ਦੂਜੀ ਹੀ ਪੁਸ਼ਤ ਸੀ।
ਇਸਦਾ ਨਿਰਣਾ ਕਰਨ ਲਈ ਉਸਨੇ ਆਪਣੇ ਵਜ਼ੀਰ ਨੂੰ ਪੁੱਛਿਆ, “ਅੱਜ ਕੱਲ੍ਹ ਗੁਰੂ ਨਾਨਕ ਦੀ ਗੱਦੀ ਉੱਪਰ ਕੌਣ ਹੈ ?” ਉਸਨੇ ਉੱਤਰ ਦਿੱਤਾ, “ਗੁਰੂ ਅੰਗਦ ਦੇਵ ਜੀ ਹਨ। ਉਨ੍ਹਾਂ ਦਾ ਡੇਰਾ ਦਰਿਆ ਬਿਆਸ ਦੇ ਅੱਗੇ ਖਡੂਰ ਪਿੰਡ ਦੇ ਨੇੜੇ ਹੈ। ਹੁਮਾਯੂ, ਵਜ਼ੀਰ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਡੇਰੇ ਪੁੱਜ ਗਿਆ। ਉਸ ਸਮੇਂ ਗੁਰੂ ਜੀ ਬੱਚਿਆਂ ਨੂੰ ਪੜ੍ਹਾ ਰਹੇ ਸਨ। ਹੁਮਾਯੂੰ ਜਾ ਕੇ ਖੜਾ ਹੋ ਗਿਆ। ਗੁਰੂ ਜੀ ਆਪਣੇ ਧਿਆਨ ਵਿਚ ਲੱਗੇ ਹੋਏ, ਬੱਚਿਆਂ ਨੂੰ ਪੜ੍ਹਾਉਂਦੇ ਰਹੇ। ਉਨ੍ਹਾਂ ਹੁਮਾਯੂੰ ਦੇ ਆਉਣ ਵੱਲ ਕੋਈ ਉਚੇਚਾ ਧਿਆਨ ਨਾ ਦਿੱਤਾ। ਹੁਮਾਯੂੰ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ। ਉਸਨੇ ਇਹ ਸੋਚ ਕੇ ਕਿ ਗੁਰੂ ਜੀ ਨੇ ਉਸਦੇ ਆਉਣ ਦੀ ਕੋਈ ਪ੍ਰਵਾਹ ਨਹੀਂ ਕੀਤੀ, ਉਸਨੇ ਗੁਰੂ ਜੀ ਨੂੰ ਕਤਲ ਕਰਨ ਦਾ ਮਨ ਬਣਾ ਲਿਆ ਅਤੇ ਜਦੋਂ ਉਹ ਜਦੋਂ ਮਿਆਨ ਵਿੱਚੋਂ ਤਲਵਾਰ ਕੱਢਣ ਲੱਗਿਆ ਤਾਂ ਗੁਰੂ ਜੀ ਨੇ ਕਿਹਾ, “ਹੁਮਾਯੂੰ, ਇਹ ਤੇਰੀ ਤਲਵਾਰ ਉਦੋਂ ਕਿੱਥੇ ਸੀ ਜਦੋਂ ਤੂੰ ਸ਼ੇਰ ਖ਼ਾਨ ਪਾਸੋਂ ਹਾਰ ਖਾ ਕੇ ਭੱਜਿਆ ਸੀ। ਹੁਣ ਤੂੰ ਫ਼ਕੀਰਾਂ ਉੱਪਰ ਤਲਵਾਰ ਚਲਾ ਕੇ ਆਪਣੀ ਬਹਾਦਰੀ ਦਿਖਾ ਰਿਹਾ ਹੈਂ। ਜਦੋਂ ਤੂੰ ਉਸ ਪਾਸੋਂ ਡਰ ਕੇ ਭੱਜ ਰਿਹਾ ਸੀ ਤਾਂ ਉਦੋਂ ਸ਼ੇਰ ਖ਼ਾਨ ਨੂੰ ਤਲਵਾਰ ਕਿਉਂ ਨਾ ਦਿਖਾਈ ?”
ਗੁਰ ਜੀ ਪਾਸੋਂ ਸੱਚੀਆਂ ਸੱਚੀਆਂ ਸੁਣ ਕੇ ਹੁਮਾਯੂੰ ਬਹੁਤ ਸ਼ਰਮਿੰਦਾ ਹੋਇਆ। ਉਸਨੇ ਹੱਥ ਜੋੜ ਕੇ ਗੁਰ ਜੀ ਅੱਗੇ ਬੇਨਤੀ ਕੀਤੀ, “ਮੇਰੇ ਪਾਸੋਂ ਭੁੱਲ ਹੋ ਗਈ । ਆਪ ਖ਼ੁਦਾ ਦਾ ਰੂਪ ਹੋ ਤੇ ਮੈਨੂੰ ਮੁਆਫ਼ ਕਰ ਦਿਉ। ਮੈਂ ਆਪ ਦੇ ਪਾਸੋਂ ਪੁੱਛਣ ਆਇਆਂ ਕਿ ਗੁਰੂ ਨਾਨਕ ਦੇਵ ਜੀ ਨੇ ਮੇਰੇ ਪਿਤਾ ਨੂੰ ਸੱਤ ਪੁਸ਼ਤਾਂ ਦਾ ਰਾਜ ਦਿੱਤਾ ਸੀ, ਪਰ ਇਹ ਬਚਨ ਝੂਠਾ ਕਿਉਂ ਹੋਣ ਲੱਗਾ ਹੈ ?” ਗੁਰੂ ਜੀ ਨੇ ਕਿਹਾ, “ਜਦੋਂ ਤਕ ਬਾਦਸ਼ਾਹ ਇਨਸਾਫ਼ ਕਰਦਾ ਹੈ ਤਦੋਂ ਤੱਕ ਉਸਦਾ ਰਾਜ ਭਾਗ ਬਣਿਆ ਰਹਿੰਦਾ ਹੈ। ਤੇਰੇ ਪਾਸੋਂ ਕੋਈ ਬੇਇਨਸਾਫ਼ੀ ਹੋਈ ਹੋਵੇਗੀ, ਜਿਸ ਕਾਰਨ ਤੇਰਾ ਰਾਜ ਚਲਿਆ ਗਿਆ। ਜੇ ਤੂੰ ਹੁਣ ਤਲਵਾਰ ਨਾ ਉਠਾਉਂਦਾ ਤਾਂ ਤੈਨੂੰ ਰਾਜ ਹੁਣੇ ਹੀ ਮਿਲ ਜਾਣਾ ਸੀ, ਪਰ ਹੁਣ ਤੂੰ ਵਾਪਸ ਈਰਾਨ ਚਲਿਆ ਜਾ, ਜਦੋਂ ਫਿਰ ਤੂੰ ਆਵੇਂਗਾ ਤਾਂ ਤੈਨੂੰ ਰਾਜ ਮਿਲ ਜਾਵੇਗਾ। ਪੰਦਰਾਂ ਸਾਲਾਂ ਪਿੱਛੋਂ 22 ਜੂਨ, 1555 ਈਸਵੀ ਨੂੰ ਹੁਮਾਯੂੰ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੇ ਬਚਨ ਸੱਚੇ ਹੋਏ।