BSP prays at : ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਜ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਕਿਸਾਨ ਸੰਘਰਸ਼ ਦੀ ਜਿੱਤ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਪਾਰਟੀ ਦੇ ਵੱਡੀ ਗਿਣਤੀ ‘ਚ ਵਰਕਰ ਸਮਰਥਕ ਹਾਜ਼ਿਰ ਹੋਏ। ਬਸਪਾ ਪੰਜਾਬ ਵਲੋਂ ਕਿਸਾਨਾਂ ਦੇ ਹਿਤ ‘ਚ ਦੇਗ ਕਰਵਾਕੇ ਅਕਾਲਪੁਰਖ ਅੱਗੇ ਅਰਦਾਸ ਕੀਤੀ। ਇਸ ਮੌਕੇ ਪੰਜਾਬ ਪ੍ਰਧਾਨ ਸ. ਗੜ੍ਹੀ ਨੇ ਕਿਹਾ ਕਿ ਕਿਸਾਨ ਸੰਘਰਸ਼ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ 26ਦਿਨਾਂ ਤੋਂ ਰਾਜਧਾਨੀ ਦਿੱਲੀ ਵਿਖੇ ਆਪਣਾ ਪੱਖ ਰੱਖਣ ਗਏ ਹੋਏ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਰੇਂਗੀ। ਸਗੋਂ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਖੌਤੀ ਪ੍ਰਧਾਨ ਸੇਵਕ ਭਗਵਾਂਕਾਰੀ ਤੇ ਸਰਮਾਏਦਾਰੀ ਨੀਤੀਆਂ ਦੀ ਪਾਲਣਾ ਪੋਸ਼ਣਾ ਹਿਤ ਕਿਸਾਨ ਸੰਘਰਸ਼ ਨਾਲ ਨਿੱਤ ਨਵੀਆਂ ਖੇਡਾਂ ਕਰ ਰਿਹਾ ਹੈ।
ਤਾਜ਼ਾ ਸ਼ਰਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂਦੁਆਰਾ ਰਕਾਬ ਗੰਜ ਵਿਖੇ ਨਤਮਸਤਕ ਹੋਣ ਗਿਆ। ਬਸਪਾ ਦਾ ਮੰਨਣਾ ਹੈ ਕਿ ਗੁਰੂਆਂ ਨੂੰ ਨਤਮਸਤਕ ਹੋਣ ਗੁਰੂ ਘਰ ਕੋਈ ਵੀ ਜਾ ਸਕਦਾ ਹੈ, ਪ੍ਰੰਤੂ ਪ੍ਰਧਾਨ ਮੰਤਰੀ ਦੱਸੇ ਕਿ ਪਿਛਲੇ 8 ਸਾਲਾਂ ਦੀ ਸਰਕਾਰ ਵਿਚ ਕਿਸ ਇਤਿਹਾਸਿਕ ਦਿਹਾੜੇ ਮੌਕੇ ਦਿੱਲੀ ਵਿਖੇ ਨਤਮਸਤਕ ਹੋਣ ਗਏ। ਭਾਜਪਾ ਸਰਕਾਰ ਦੀ ਪਿਛਲੀ ਸ਼ਰਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਵਿਚ ਸਿੱਖ ਚੇਹਰਿਆਂ ਨਾਲ ਮੁਲਾਕਾਤ ਕਰਕੇ ਕਿਸਾਨ ਸੰਘਰਸ਼ ਨੂੰ ਛੋਟਾ ਕਰਨ ਦੀ ਕੋਝੀ ਹਰਕਤ ਕਰ ਰਿਹਾ ਸੀ। ਇਸ ਲੜੀ ਵਿਚ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨਾ ਜਾਂ ਵਿਦੇਸ਼ੀ ਫੰਡਿੰਗ ਵਰਗੀਆਂ ਅਫਵਾਹਾਂ ਫੈਲਾਕੇ ਕੋਝੀਆਂ ਹਰਕਤਾਂ ਦਾ ਕਲਾ ਇਤਿਹਾਸ ਭਾਜਪਾ ਸਰਕਾਰ ਲਿਖ ਰਹੀ ਹੈ। ਜਦੋਂਕਿ ਪਿਛਲੇ ਚਾਰ ਮਹੀਨਿਆਂ ਕਿਸਾਨ ਪੰਜਾਬ ਹਰਿਆਣਾ ਅਤੇ ਅੱਜ ਪੂਰੇ ਦੇਸ਼ ਵਿਚ ਕਹਿਰ ਦੀਆ ਠੰਡੀਆਂ ਹੱਡ ਕੜਕਣ ਵਾਲੀਆਂ ਰਾਤਾਂ ਵਿੱਚ ਬਜ਼ੁਰਗਾਂ, ਔਰਤਾਂ ਤੇ ਬੱਚਿਆ ਸਮੇਤ ਸੰਘਰਸ਼ ਕਰ ਰਹੇ ਹਨ ਲੇਕਿਨ ਭਾਜਪਾ ਸਰਕਾਰ ਦੇਸ਼ਵਾਸੀਆਂ ਨੂੰ ਦੁਰਕਾਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਇਸ ਬੇਗਾਨਗੀ ਵਿਚ ਸੰਘਰਸ਼ ਦੌਰਾਨ 30 ਤੋਂ ਜਿਆਦਾ ਕਿਸਾਨ ਸਹੀਦੀਆਂ ਪਾ ਚੁੱਕੇ ਹਨ, ਜਿਹਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਅਰਦਾਸ ਕੀਤੀ ਗਈ। ਇਸ ਸੰਘਰਸ਼ ਲਈ ਬਸਪਾ ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਜਨਸਮਰਥਨ ਲਈ ਲਗਾਤਾਰ ਜਨ ਸੰਪਰਕ ਪ੍ਰਚਾਰ ਮੁਹਿੰਮ ਜਾਰੀ ਰੱਖੇਗੀ।
ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਭਗਵਾਨ ਸਿੰਘ ਚੌਹਾਨ ਤੇ ਸਾਬਕਾ ਪੰਜਾਬ ਪ੍ਰਧਾਨ ਸ਼੍ਰੀ ਗੁਰਲਾਲ ਸੈਲਾ ਜੀ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਹੋਈਆਂ ਸਾਰੀਆਂ ਮੌਤਾਂ ਦਾ ਜਿੰਮੇਵਾਰ ਭਾਜਪਾ ਸਰਕਾਰ ਅਤੇ ਨਰਿੰਦਰ ਮੋਦੀ ਨੂੰ ਗਿਣਿਆ ਜਾਵੇ। ਸ਼੍ਰੀ ਮਨਜੀਤ ਸਿੰਘ ਅਟਵਾਲ, ਸ਼੍ਰੀ ਸਵਿੰਦਰ ਸਿੰਘ ਸ਼ੱਜਲਵੰਡੀ, ਗੁਰਬਖ਼ਸ਼ ਮਹੇ, ਤਾਰਾ ਚੰਦ ਭਗਤ, ਕੁਲਵਿੰਦਰ ਸਿੰਘ ਸਹੋਤਾ, ਰਾਮ ਸਿੰਘ, ਸੁਖਦੇਵ ਸਿੰਘ ਚੌਹਾਨ, ਸੁਰਜੀਤ ਸਿੰਘ ਭੈਲ, ਰਤਨ ਸਿੰਘ, ਜਤਿੰਦਰ ਸਿੰਘ, ਵਰਿਆਮ ਸਿੰਘ, ਝੰਝੋਤੀ, ਅਮਰੀਕ ਸਿੰਘ ਸਿੱਧੂ, ਪ੍ਰਿੰਸੀਪਲ ਨਰਿੰਦਰ ਸਿੰਘ, ਮੁਕੇਸ਼ ਕੁਮਾਰ, ਵੱਸਣ ਸਿੰਘ, ਹਜ਼ੂਰ ਸਿੰਘ, ਸੋਨੂੰ ਮੋਰੀਆਂ, ਅਮਰਜੀਤ ਸਿੰਘ, ਆਦਿ ਹਾਜ਼ਿਰ ਸਨ।