Captain warns Kejriwal : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਵੱਲੋਂ ‘ਆਪ’ ਵਰਕਰਾਂ ਨੂੰ ਸੂਬੇ ਦੇ ਪਿੰਡਾਂ ਵਿੱਚ ਲੋਕਾਂ ਦਾ ਆਕਸੀਜਨ ਦਾ ਪੱਧਰ ਜਾਂਚਣ ਲਈ ਕਹਿਣ ਤੋਂ ਬਾਅਦ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪੰਜਾਬ ਤੋਂ ਦੂਰ ਹੀ ਰਹਿਣ ਅਤੇ ਆਪਣਾ ਧਿਆਨ ਆਪਣੇ ਸੂਬੇ ਵਿੱਚ ਕੋਵਿਡ ਨੂੰ ਕੰਟਰੋਲ ਕਰਨ ਦੇ ਪ੍ਰਬੰਧਨ ਉਤੇ ਕੇਂਦਰਿਤ ਕਰਨ। ਉਨ੍ਹਾਂ ਮੁੱਖ ਮੰਤਰੀ ਨੂੰ ਪੰਜਾਬ ਦੇ ਪਿੰਡਾਂ ਵਿੱਚ ਕੋਵਿਡ ਸੰਕਟ ਦੇ ਨਾਂ ‘ਤੇ ਲੋਕਾਂ ਨੂੰ ਭੜਕਾਉਣ ਤੋਂ ਗੁਰੇਜ਼ ਕਰਨ ਲਈ ਕਿਹਾ, ਜਿੱਥੇ ਕਿ ਵੱਡੀ ਗਿਣਤੀ ਵਿੱਚ ਝੂਠੀਆਂ ਖ਼ਬਰਾਂ ਅਤੇ ਭੜਕਾਊ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚੋਂ ਇਕ ਵਿਦੇਸ਼ਾਂ ਤੋਂ ਸੰਭਾਵੀ ਤੌਰ ‘ਤੇ ਪਾਕਿਸਤਾਨ ਤੋਂ ਉਪਜਿਆ ਹੈ ਅਤੇ ਜਿਨ੍ਹਾਂ ਦਾ ਪ੍ਰਚਾਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਇਕ ਸਰਗਰਮ ਵਰਕਰ ਵੱਲੋਂ ਕੀਤਾ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਬੇਹਦ ਮੰਦਭਾਗੀ ਵੀਡੀਓ ਪ੍ਰਚਾਰ ਮੁਹਿੰਮ ਵਿੱਚ ’ਆਪ’ ਦੇ ਵਰਕਰਾਂ ਨੂੰ ਪੰਜਾਬ ਦੇ ਪਿੰਡਾਂ ਅਤੇ ਗਲੀਆਂ ਵਿੱਚ ਜਾ ਕੇ ਔਕਸੀਮੀਟਰਾਂ ਨਾਲ ਲੋਕਾਂ ਦੇ ਆਕਸੀਜਨ ਦਾ ਪੱਧਰ ਜਾਂਚਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ”ਸਾਨੂੰ ਤੁਹਾਡੇ ਔਕਸੀਮੀਟਰਾਂ ਦੀ ਜ਼ਰੂਰਤਾਂ ਨਹੀਂ। ਸਾਨੂੰ ਸਿਰਫ ਪੰਜਾਬ ਵਿੱਚ ਤੁਹਾਡੇ ਵਰਕਰਾਂ ‘ਤੇ ਲਗਾਮ ਲਗਾਉਣ ਦੀ ਲੋੜ ਹੈ ਜਿਹੜੇ ਸੂਬੇ ਦੇ ਲੋਕਾਂ ਨੂੰ ਹਸਪਤਾਲਾਂ ਵਿੱਚ ਕੋਵਿਡ ਟੈਸਟ ਕਰਵਾਉਣ ਅਤੇ ਇਲਾਜ ਨਾ ਕਰਵਾਉਣ ਲਈ ਭੜਕਾ ਰਹੇ ਹਨ।”
ਦੱਸਣਯੋਗ ਹੈ ਇਸ ਮਾਮਲੇ ਵਿੱਚ ਕਿ ਫਿਰੋਜ਼ਪੁਰ ਦੇ ਪੁਲਿਸ ਥਾਣਾ ਕੁੱਲਗੜੀ ਦੇ ਪਿੰਡ ਮਿਸ਼ਰੀਵਾਲਾ ਨਾਜੂ ਸ਼ਾਹ ਦੇ ’ਆਪ’ ਵਰਕਰ 31 ਸਾਲਾ ਅਮਰਿੰਦਰ ਸਿੰਘ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਝੂਠੀ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਪੋਸਟ ਪਾਉਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਵੱਲੋਂ ਮੋਗਾ ਤੋਂ ਸੋਸ਼ਲ ਮੀਡੀਆ ਉਪਰ ਭੜਕਾਊ ਤੇ ਅਫਵਾਹਾਂ ਫੈਲਾਉਣ ਵਾਲੀਆਂ ਦਾਅਵਾ ਕੀਤਾ ਗਿਆ ਸੀ ਕਿ ਡਾਕਟਰ ਕੋਵਿਡ ਮਰੀਜ਼ਾਂ ਦੇ ਮਹੱਤਵਪੂਰਨ ਅੰਗਾਂ ਨੂੰ ਕੱਢ ਰਹੇ ਹਨ। ਇਨ੍ਹਾਂ ਵਿਚ ਲੋਕਾਂ ਨੂੰ ਭੜਕਾ ਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਸਹਿਯੋਗ ਨਾ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਅਮਰਿੰਦਰ ਸਿੰਘ ‘ਆਪ’ ਦਾ ਸਰਗਰਮ ਵਰਕਰ ਹੈ ਅਤੇ ਫਿਰੋਜ਼ਪੁਰ ਵਿਧਾਨ ਸਭਾ ਹਲਕੇ ਤੋਂ ਆਪ ਪਾਰਟੀ ਦੀ ਐਮ.ਐਲ.ਏ. ਟਿਕਟ ਦਾ ਚਾਹਵਾਨ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਸ ਦੇ ਕਹਿਣ ‘ਤੇ ਅਜਿਹੀਆਂ ਪੋਸਟਾਂ ਫੈਲਾ ਰਿਹਾ ਹੈ।