Case registered against hundreds : ਰਾਜਪੁਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੁੱਖ ਅਹੁਦੇਦਾਰਾਂ ਸਣੇ 150 ਅਣਪਛਾਤੇ ਵਿਅਕਤੀਆਂ ’ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਕਿਸਾਨਾਂ ਨੇ ਪਿੰਡ ਪਿੰਡ ਨਲਾਸ ਖੁਰਦ ਵਿਖੇ ਸਥਿਤ ਪ੍ਰਾਈਵੇਟ ਨਾਭਾ ਪਾਵਰ ਲਿਮਟਿਡ ਥਰਮਲ ਪਲਾਂਟ ਦੀ ਕੋਲੇ ਦੀ ਸਪਲਾਈ ਰੋਕਣ ਲਈ ਰੇਲਵੇ ਲਾਈਨਾਂ ’ਤੇ ਧਰਨਾ ਲਾਇਆ ਹੋਇਆ ਹੈ, ਜਿਸ ਦੇ ਚੱਲਦਿਆਂ ਇਨ੍ਹਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਥਰਮਲ ਪਲਾਂਟ ਨੂੰ ਜਾਂਦੀਆਂ ਰੇਲਵੇ ਲਾਈਨਾਂ ’ਤੇ ਅਣਮਿੱਥੇ ਸਮੇਂ ਲਈ ਲਗਾਇਆ ਗਿਆ ਸੀ, ਜਿਸ ਦਾ ਅੱਜ ਦੂਸਰਾ ਦਿਨ ਸੀ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਧਰਨੇ ਲਗਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਨੂੰ ਰਾਹ ਦੇ ਦਿੱਤਾ ਗਿਆ ਹੈ ਪਰ ਕੁਝ ਜਥੇਬੰਦੀਆਂ ਵੱਲੋਂ ਅਜੇ ਵੀ ਇਹ ਧਰਨੇ ਲਗਾਤਾਰ ਜਾਰੀ ਹਨ।
ਦੱਸਣਯੋਗ ਹੈ ਕਿ ਕਿਸਾਨ ਜੱਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 5 ਨਵੰਬਰ ਨੂੰ ਦੇਸ਼ਵਿਆਪੀ ਉੱਚ ਪੱਧਰੀ ਜਾਮ ਕੀਤਾ ਜਾਵੇਗਾ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏ.ਆਈ.ਕੇ.ਐੱਸ.ਸੀ.ਸੀ.) ਸਮੇਤ 500 ਤੋਂ ਵੱਧ ਸੰਗਠਨਾਂ ਦੇ ਨੁਮਾਇੰਦੇ ਮੰਗਲਵਾਰ ਨੂੰ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ। ਬੈਠਕ ਤੋਂ ਬਾਅਦ ਤਾਲਮੇਲ ਕਮੇਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ 5 ਨਵੰਬਰ ਨੂੰ ਦੇਸ਼ ਭਰ ਵਿੱਚ ਉੱਚ ਮਾਰਗ ਜਾਮ ਕਰਨ ਦਾ ਫੈਸਲਾ ਲਿਆ ਗਿਆ ਹੈ। ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ‘ਦਿੱਲੀ ਚਲੋ’ ਅੰਦੋਲਨ 26-27 ਨਵੰਬਰ ਨੂੰ ਕੀਤਾ ਜਾਵੇਗਾ, ਜਿਸ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਬਿਜਲੀ ਬਿੱਲ 2020 ਦੀ ਵਾਪਸੀ ਦੀ ਮੰਗ ਕੀਤੀ ਜਾਵੇਗੀ।