ਚੰਡੀਗੜ੍ਹ ਦੇ ਫੇਜ਼ 2 ਰਾਮ ਦਰਬਾਰ ਇਲਾਕੇ ਵਿੱਚੋਂ 19 ਦਸੰਬਰ ਨੂੰ ਚੋਰੀ ਹੋਈ ਲੋਡਿੰਗ ਗੱਡੀ ਨੂੰ ਬਰਾਮਦ ਕਰਨ ਲਈ ਚੰਡੀਗੜ੍ਹ ਪੁਲਿਸ ਚੋਰਾਂ ਦਾ ਪਿੱਛਾ ਕਰਦੀ ਹੋਈ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਵਿੱਚ ਪੁੱਜੀ। ਇੱਥੇ ਪੁਲਿਸ ਮੁਲਾਜ਼ਮਾਂ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਲੋਡਿੰਗ ਗੱਡੀ ਅਤੇ ਗੱਡੀ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਵਾਪਸ ਚੰਡੀਗੜ੍ਹ ਭੇਜ ਦਿੱਤਾ। ਜਾਂਚ ਤੋਂ ਪਤਾ ਲੱਗੇਗਾ ਕਿ ਉਨ੍ਹਾਂ ਨੇ ਚੰਡੀਗੜ੍ਹ ਤੋਂ ਕਿੰਨੇ ਵਾਹਨ ਚੋਰੀ ਕੀਤੇ ਹਨ।
ਇਸ ਮਾਮਲੇ ਵਿੱਚ ਰਾਮ ਦਰਬਾਰ ਦੇ ਰਹਿਣ ਵਾਲੇ ਰਾਕੇਸ਼ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਇੱਕ ਕੰਪਨੀ ਵਿੱਚ ਕੈਮੀਕਲ ਡਲਿਵਰੀ ਕਰਨ ਦਾ ਕੰਮ ਕਰਦਾ ਹੈ। 19 ਦਸੰਬਰ ਨੂੰ ਉਸ ਨੇ ਕੈਮੀਕਲ ਲੋਡ ਕਰਕੇ ਇਹ ਗੱਡੀ ਆਪਣੇ ਘਰ ਦੇ ਬਾਹਰ ਖੜ੍ਹੀ ਕਰ ਦਿੱਤੀ ਸੀ। ਪਰ ਗੱਡੀ ਚੋਰੀ ਹੋ ਗਈ। ਇਸ ਸ਼ਿਕਾਇਤ ’ਤੇ ਸੈਕਟਰ 31 ਥਾਣੇ ਦੀ ਪੁਲਿਸ ਨੇ ਕੇਸ ਦਰਜ ਕੀਤਾ ਸੀ। ਮਾਮਲਾ ਦਰਜ ਕਰਨ ਤੋਂ ਬਾਅਦ ਇਸ ਦੀ ਜਾਂਚ ਲਈ ASI ਅਨਿਲ ਕੁਮਾਰ ਦੀ ਅਗਵਾਈ ਵਿੱਚ ਟੀਮ ਬਣਾਈ ਗਈ ਸੀ।
ਇਹ ਵੀ ਪੜ੍ਹੋ : ਜਗਰਾਉਂ ਪੁਲਿਸ ਨੇ ਨਾਮੀ ਗੈਂ.ਗਸ.ਟਰ ਦੇ 2 ਹੋਰ ਮੈਂਬਰ ਕੀਤੇ ਕਾਬੂ, ਕਾਰੋਬਾਰੀਆਂ ਤੋਂ ਵਸੂਲਦੇ ਸਨ ਫਿਰੌਤੀ
ਮਾਮਲੇ ਸਬੰਧੀ ASI ਅਨਿਲ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਗੱਡੀ ਵਿੱਚ ਜੀ.ਪੀ.ਐਸ. ਲੱਗਿਆ ਹੋਇਆ ਸੀ। ਇਸ ਦੀ ਮਦਦ ਨਾਲ ਉਹ ਉਸ ਗੱਡੀ ਤੱਕ ਪਹੁੰਚ ਗਏ। ਜਿੱਥੇ ਚੋਰਾਂ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਲਿਆ। ਇਸ ਤੋਂ ਬਾਅਦ ਪੁਲਿਸ ਟੀਮ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ASI ਨੇ ਸਥਾਨਕ ਪੁਲਿਸ ਦੀ ਮਦਦ ਨਾਲ ਦੋਵਾਂ ਦੋਸ਼ੀਆਂ ਨੂੰ ਉਨ੍ਹਾਂ ਦੇ ਵਾਹਨ ਸਮੇਤ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਦੋਵੇਂ ਮੁਲਜ਼ਮ ਵਾਹਨ ਚੋਰੀ ਵਿੱਚ ਹੀ ਸ਼ਾਮਲ ਹਨ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਉੱਤਰ ਪ੍ਰਦੇਸ਼ ਦੇ ਇੱਕੋ ਪਿੰਡ ਦੇ ਵਸਨੀਕ ਹਨ। ਮੁਲਜ਼ਮਾਂ ਦੇ ਨਾਂ ਯਾਸੀਨ ਖ਼ਾਨ ਅਤੇ ਆਸਿਫ਼ ਕੁਰੈਸ਼ੀ ਹਨ। ਇਹ ਦੋਵੇਂ ਜੇਵਰ ਥਾਣਾ ਖੇਤਰ ਦੇ ਜਹਾਂਗੀਰਪੁਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਹੁਣ ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –