Chief Minister Capt : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਬਕਾ ਕਾਂਗਰਸੀ ਵਿਧਾਇਕ ਬ੍ਰਿਜ ਲਾਲ ਗੋਇਲ (82) ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼੍ਰੀ ਗੋਇਲ ਜਿਨ੍ਹਾਂ ਦਾ ਬੀਤੀ ਰਾਤ ਸੰਖੇਪ ਬੀਮਾਰੀ ਉਪਰੰਤ ਦੇਹਾਂਤ ਹੋ ਗਿਆ। ਸ਼੍ਰੀ ਗੋਇਲ ਆਪਣੇ ਪਿੱਛੇ ਪਤਨੀ, ਦੋ ਪੁੱਤਰ ਤੇ ਇੱਕ ਬੇਟੀ ਛੱਡ ਗਏ ਹਨ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਬ੍ਰਿਜ ਲਾਲ ਗੋਇਲ ਨੂੰ ਪਾਰਟੀ ਦਾ ਅਨੁਸਾਸ਼ਿਤ ਸਿਪਾਹੀ ਅਤੇ ਪਟਿਆਲਾ ਜ਼ਿਲੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨ ਵਾਲਾ ਅਣਥੱਕ ਵਰਕਰ ਦੱਸਿਆ।
ਸ਼੍ਰੀ ਗੋਇਲ 1972 ਵਿੱਚ ਰਾਜਪੁਰਾ ਤੋਂ ਵਿਧਾਇਕ ਬਣੇ ਸਨ। ਉਹ ਪਨਸਪ ਅਤੇ ਪੰਜਾਬ ਪਸ਼ੂਧਨ ਵਿਕਾਸ ਬੋਰਡ ਦੇ ਚੇਅਰਮੈਨ ਵੀ ਰਹੇ ਹਨ। ਪੀੜਤ ਪਰਿਵਾਰ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਵਾਹਿਗੁਰੂ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਇਸੇ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਵੀ ਸਾਬਕਾ ਕਾਂਗਰਸੀ ਵਿਧਾਇਕ ਸ੍ਰੀ ਗੋਇਲ ਦੇ ਅਕਾਲ ਚਲਾਣੇ ਉਤੇ ਦੁੱਖ ਪ੍ਰਗਟਾਇਆ।
ਸ਼੍ਰੀ ਗੋਇਲ ਨੂੰ ਅੰਤਿਮ ਵਿਦਾਈ ਦੇਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮ੍ਰਿਤਕ ਦੇਹ ‘ਤੇ ਰੀਥ ਰੱਖੀ। ਲੋਕ ਸਭਾ ਮੈਂਬਰ ਸ਼੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਉਨ੍ਹਾਂ ਦੇ ਨਿਜੀ ਸਕੱਤਰ ਬਲਵਿੰਦਰ ਸਿੰਘ ਨੇ ਰੀਥ ਰੱਖਕੇ ਸ਼ਰਧਾਂਜਲੀ ਦਿੱਤੀ। ਜਦੋਂਕਿ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਲੋਕ ਨਿਰਮਾਣ ਤੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਰੀਥ ਉਨ੍ਹਾਂ ਦੇ ਸਪੁੱਤਰ ਮੋਹਿਲ ਸਿੰਗਲਾ ਨੇ ਰੱਖੀ। ਇਸ ਮੌਕੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਐਮ.ਪੀ. ਬੀਬਾ ਅਮਰਜੀਤ ਕੌਰ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਕਿਤ ਬਾਂਸਲ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਐਸ.ਡੀ.ਐਮ. ਚਰਨਜੀਤ ਸਿੰਘ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਸਮੇਤ ਹੋਰ ਸ਼ਖ਼ਸੀਅਤਾਂ ਅਤੇ ਮਾਨਵ ਕਲਿਆਣ ਤੇ ਸੋਸ਼ਲ ਵੈਲਫੇਅਰ ਸੰਸਥਾਵਾਂ ਵੱਲੋਂ ਵੀ ਰੀਥਾਂ ਰੱਖੀਆਂ ਗਈਆਂ।