CIA staff police : ਫਿਰੋਜ਼ੁਪਰ ਦੇ ਪਿੰਡ ਹਾਮਦ ਵਾਲਾ ‘ਚ ਪ੍ਰਤੀਬੰਧਤ ਨਸ਼ੇ ਦੀਆਂ ਗੋਲੀਆਂ ਵੇਚਣ ਵਾਲੇ ਝੋਲਾਛਾਪ ਡਾਕਟਰ ਨੂੰ ਫੜਨ ਲਈ ਸੀ.ਆਈ. ਏ. ਸਟਾਫ ਪੁਲਿਸ ਟੀਮ ‘ਤੇ ਇੱਕ ਦਰਜਨ ਤੋਂ ਵੱਧ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇੱਕ ਸਬ-ਇੰਸਪੈਕਟਰ ‘ਤੇ ਕੱਸੀ ਨਾਲ ਵਾਰ ਕਰਕੇ ਨਸ਼ਾ ਸੌਦਾਗਰ ਨੂੰ ਛੁਡਾ ਲਿਆ। ਉਨ੍ਹਾਂ ਨੇ ਪੁਲਿਸ ਦੇ ਵਾਹਨਾਂ ‘ਚ ਤੋੜਫੋੜ ਕੀਤੀ ਹੈ। ਇਥੇ ਦੋ ਗੱਡੀਆਂ ‘ਚ ਲਗਭਗ 8 ਪੁਲਿਸ ਮੁਲਾਜ਼ਮ ਕਾਰਵਾਈ ਲਈ ਪੁੱਜੇ ਸਨ। ਪੁਲਿਸ ਨੇ ਕਾਰਵਾਈ ਕਰਦਿਆਂ ਟਰੈਕਟਰ ਸਮੇਤ ਜਰਨੈਲ ਸਿੰਘ ਨਾਂ ਦੇ ਹਮਲਾਵਰ ਨੂੰ ਕਾਬੂ ਕਰ ਲਿਆ ਹੈ। ਥਾਣਾ ਲੱਖੋਕੇ ਬਹਿਰਾਮ ਪੁਲਿਸ ਨੇ ਸਬ-ਇੰਸਪੈਕਟਰ ਦੀ ਸ਼ਿਕਾਇਤ ‘ਤੇ 8 ਨਾਮਜ਼ਦ ਦੋਸ਼ੀਆਂ ਸਮੇਤ 14 ਹਮਲਾਵਰਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਸੀ. ਆਈ. ਏ. ਸਬ-ਇੰਸਪੈਕਟਰ ਪਿਪਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖਬਰ ਮਿਲੀ ਸੀ ਕਿ ਹਾਮਦ ਵਾਲਾ ‘ਚ ਸੰਤੋਖ ਸਿੰਘ ਡਾਕਟਰੀ ਦੀ ਦੁਕਾਨ ਦੀ ਆੜ ‘ਚ ਪ੍ਰਤੀਬੰਧਿਤ ਗੋਲੀਆਂ ਵੇਚਦਾ ਹੈ। ਜਦੋਂ ਇੱਕ ਵਿਅਕਤੀ ਨੂੰ ਗੋਲੀਆਂ ਖਰੀਦਣ ਲਈ ਭੇਜਿਆ ਤਾਂ ਸੰਤੋਖ ਸਿੰਘ ਲੜਕੇ ਪਵਨ ਸਿੰਘ ਨੇ ਘਰ ਤੋਂ ਲਿਆ ਕੇ ਗੋਲੀਆਂ ਦਿੱਤੀਆਂ। ਮੰਗਲਵਾਰ ਨੂੰ ਪੁਲਿਸ ਨਸ਼ਾ ਸੌਦਾਗਰਾਂ ਨੂੰ ਫੜਨ ਗਈ ਸੀ। ਜਦੋਂ ਟੀਮ ਸੰਤੋਖ ਸਿੰਘ ਦੇ ਘਰ ਪੁੱਜੀ ਤਾਂ ਉਸ ਦਾ ਲੜਕਾ ਪਵਨ ਗਲੀ ‘ਚ ਪ੍ਰਤੀਬੰਧਤ ਗੋਲੀਆਂ ਦਾ ਲਿਫਾਫਾ ਲੈ ਕੇ ਜਾ ਰਿਹਾ ਸੀ। ਉਹ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ ਤਾਂ ਲਿਫਾਫਾ ਡਿੱਗ ਗਿਆ ਤੇ ਗੋਲੀਆਂ ਫੈਲ ਗਈਆਂ। ਪੁਲਿਸ ਦੌੜਾ ਕੇ ਉਸ ਨੂੰ ਫੜ ਲਿਆ। ਗਲੀ ਦੇ ਕੁਝ ਲੋਕ ਘਰਾਂ ਤੋਂ ਬਾਹਰ ਨਿਕਲੇ ਤੇ ਪੁਲਿਸ ਪਾਰਟੀ ਨਾਲ ਹੱਥੋਂਪਾਈ ਕਰਨ ਲੱਗੇ। ਸੰਤੋਖ ਨੇ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਲਲਕਾਰਾ ਮਾਰ ਕੇ ਬੁਲਾ ਲਿਆ। ਪ੍ਰੇਮ ਸਿੰਘ ਟਰੈਕਟਰ ਨਾਲ ਉਨ੍ਹਾਂ ਦੀਆਂ ਗੱਡੀਆਂ ਨੂੰ ਟੱਕਰ ਮਾਰਨ ਲੱਗਾ।
ਸਬ-ਇੰਸਪੈਕਟਰ ਨੇ ਦੱਸਿਆ ਕਿ ਸੰਤੋਖ ਸਿੰਘ ਨੇ ਕੱਸੀ ਨਾਲ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਕਿਸੇ ਤਰ੍ਹਾਂ ਜਾਨ ਬਚਾ ਸਕਿਆ। ਲਗਭਗ 14 ਹਮਲਾਵਰਾਂ ਨੇ ਪੁਲਿਸ ਪਾਰਟੀ ਨਾਲ ਧੱਕਾ-ਮੁੱਕੀ ਕਰਦੇ ਹੋਏ ਪਵਨ ਨੂੰ ਛੁਡਾ ਲਿਆ ਤੇ ਫਰਾਰ ਹੋ ਗਏ। ਪੁਲਿਸ ਜਰਨੈਲ ਸਿੰਘ ਨੂੰ ਫੜ ਲਿਆ ਅਤੇ ਉਸ ਦਾ ਟਰੈਕਟਰ ਕਬਜ਼ੇ ‘ਚ ਲੈ ਲਿਆ। ਹਮਲਾਵਰਾਂ ‘ਚ ਤਿੰਨ ਔਰਤਾਂ ਵੀ ਸ਼ਾਮਲ ਸਨ।