ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸੰਗਰੂਰ ਵਿਖੇ ਸੂਬੇ ਦੇ ਨੌਜਵਾਨਾਂ ਨੂੰ 12 ਅਤਿ-ਆਧੁਨਿਕ ਲਾਇਬ੍ਰੇਰੀਆਂ ਸਮਰਪਿਤ ਕੀਤੀਆਂ। ਪਿੰਡ ਘਨੌਰ ਖੁਰਦ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕਰਨ ਤੋਂ ਬਾਅਦ ਰਾਜਾ ਮਹਿਲ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ। ਜਲਦੀ ਹੀ ਅਜਿਹੀਆਂ 16 ਹੋਰ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ।
ਮਾਨ ਨੇ ਕਿਹਾ ਕਿ ਆਧੁਨਿਕ ਲਾਇਬ੍ਰੇਰੀਆਂ ਦਾ ਉਦੇਸ਼ ਨੌਜਵਾਨਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਗੀਦਾਰ ਬਣਨ ਲਈ ਤਿਆਰ ਕਰਨਾ ਹੈ। ਸੂਬਾ ਸਰਕਾਰ ਹੁਣ ਹਰ ਘਰ ਨੂੰ ਉਤਪਾਦਨ ਯੂਨਿਟ ਬਣਾਉਣ ਲਈ ਜ਼ਿਲ੍ਹਾ ਸੰਗਰੂਰ ਵਿੱਚ ਚੱਲ ਰਹੀ ਪਹਿਲ ਸਕੀਮ ਨੂੰ ਪੰਜਾਬ ਭਰ ਵਿੱਚ ਲਾਗੂ ਕਰੇਗੀ। ਇਸ ਨਾਲ ਹਰ ਹੱਥ ਨੂੰ ਰੁਜ਼ਗਾਰ ਮਿਲੇਗਾ।
ਮਾਨ ਨੇ ਦੱਸਿਆ ਕਿ ਇਹ ਵਿਸ਼ਵ ਪੱਧਰੀ ਲਾਇਬ੍ਰੇਰੀ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਲਾਇਬ੍ਰੇਰੀਆਂ ਵਿੱਚ ਏਅਰ ਕੰਡੀਸ਼ਨਰ, ਇਨਵਰਟਰ, ਸੀਸੀਟੀਵੀ ਕੈਮਰੇ, ਵਾਈ-ਫਾਈ ਅਤੇ ਹੋਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਲਾਇਬ੍ਰੇਰੀ ਸੱਚਮੁੱਚ ਗਿਆਨ ਅਤੇ ਸਾਹਿਤ ਦਾ ਭੰਡਾਰ ਬਣੇਗੀ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਕੀਮਤੀ ਪੁਸਤਕਾਂ ਮੌਜੂਦ ਹਨ, ਜੋ ਪੁਸਤਕ ਪ੍ਰੇਮੀਆਂ ਨੂੰ ਆਕਰਸ਼ਿਤ ਕਰਨਗੀਆਂ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ : ਨਸ਼ਾ ਤਸਕਰ ‘ਤੇ ਪੁਲਿਸ ਦਾ ਐਕਸ਼ਨ, 54.53 ਲੱਖ ਦੀ ਜਾਇਦਾਦ ਕੀਤੀ ਫਰੀਜ਼
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਵੈ-ਸਹਾਇਤਾ ਗਰੁੱਪਾਂ ਵੱਲੋਂ ਸਿਲਾਈ ਵਾਲੀਆਂ ਵਰਦੀਆਂ ਮੁਹੱਈਆ ਕਰਵਾਏਗੀ। ਇਹ ਕਦਮ ਰਾਜ ਦੇ ਪਿੰਡਾਂ ਵਿੱਚ ਕੰਮ ਕਰ ਰਹੇ ਸਵੈ-ਸਹਾਇਤਾ ਸਮੂਹਾਂ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਵੀਡੀਓ ਲਈ ਕਲਿੱਕ ਕਰੋ -: