Cold is wreaking : ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਵਿੱਚ ਕੜਾਕੇ ਦੀ ਸਰਦੀ ਆਪਣਾ ਕਹਿਰ ਢਾਹ ਰਹੀ ਹੈ। ਰਾਜ ਵਿਚ ਤਾਪਮਾਨ ਨਿਰੰਤਰ ਗਿਰਾਵਟ ਦੇ ਰਿਹਾ ਹੈ ਅਤੇ ਪਾਰਾ ਮਾਈਨਸ ਤੱਕ ਪਹੁੰਚ ਗਿਆ ਹੈ। ਸੂਬੇ ਦੇ ਜਲੰਧਰ ਦੇ ਆਦਮਪੁਰ ਵਿੱਚ ਤਾਪਮਾਨ -1.09 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਤਾਪਮਾਨ ਜ਼ੀਰੋ ਦੇ ਨੇੜੇ ਹੈ। ਰਾਜ ਵਿਚ ਠੰਡੀ ਹਵਾ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਲੁਧਿਆਣਾ ‘ਚ ਸਰਦੀ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਪੰਜਾਬ ਵਿੱਚ ਕੜਾਕੇ ਦੀ ਠੰਡ ਨੇ ਲੋਕਾਂ ਦਾ ਹਾਲ ਬੁਰਾ ਕਰ ਦਿੱਤਾ ਹੈ ਅਤੇ ਸਵੇਰੇ ਅਤੇ ਸ਼ਾਮ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ। ਰਾਜ ਦੇ ਕਈ ਸ਼ਹਿਰਾਂ ਵਿੱਚ ਘੱਟੋ ਘੱਟ ਤਾਪਮਾਨ ਸ਼ਿਮਲਾ ਅਤੇ ਧਰਮਸ਼ਾਲਾ ਤੋਂ ਹੇਠਾਂ ਚਲਾ ਗਿਆ ਹੈ। ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਜਲੰਧਰ ਜ਼ਿਲੇ ਦਾ ਆਦਮਪੁਰ ਸਭ ਤੋਂ ਠੰਡਾ ਰਿਹਾ। ਇੱਥੇ ਘੱਟੋ ਘੱਟ ਤਾਪਮਾਨ -1.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਦੂਜੇ ਦਿਨ ਵੀ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ ਸਿਫ਼ਰ ਦੇ ਨੇੜੇ ਰਿਹਾ। ਇਹ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਲੁਧਿਆਣਾ ਵਿੱਚ ਪਾਰਾ ਸਿਫ਼ਰ ਦੇ ਨੇੜੇ ਆ ਗਿਆ ਹੈ ਅਤੇ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹਲਵਾਰਾ ਵਿੱਚ ਤਾਪਮਾਨ 0.8 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਲੁਧਿਆਣਾ ਵਿੱਚ ਠੰਡ ਦਾ 50 ਸਾਲਾ ਰਿਕਾਰਡ ਟੁੱਟ ਗਿਆ ਹੈ। ਇਥੇ 19 ਦਸੰਬਰ ਨੂੰ 50 ਸਾਲਾਂ ਬਾਅਦ ਘੱਟੋ ਘੱਟ ਤਾਪਮਾਨ 0.2 ਦਰਜ ਕੀਤਾ ਗਿਆ।
ਦੱਸ ਦੇਈਏ ਕਿ ਸ਼ਿਮਲਾ ਵਿੱਚ ਘੱਟੋ ਘੱਟ ਤਾਪਮਾਨ 4.7, ਧਰਮਸ਼ਾਲਾ ਵਿੱਚ 2.4 ਅਤੇ ਹਰਿਆਣਾ ਦੇ ਨਾਰਨੌਲ ਵਿੱਚ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਤਿੰਨ ਦਿਨ ‘ਚ ਇੰਝ ਹੀ ਕੜਾਕੇ ਦੀ ਠੰਡ ਪੈਣ ਦੇ ਆਸਾਰ ਹਨ।