Comrade Balwinder Singh was cremated : ਭਿਖੀਵਿੰਡ : ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਬੀਤੇ ਦਿਨ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾ ਗਈ ਹੈ, ਜਿਸ ਅਧੀਨ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਪਰਿਵਾਰ ਨਾਲ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਕਾਮਰੇਡ ਬਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਹਾਲਾਂਕਿ ਪਰਿਵਾਰ ਦੀਆਂ ਬਾਕੀ ਮੰਗਾਂ ਬਾਰੇ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ਮੁਤਾਬਕ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਅੱਜ ਸਵੇਰੇ ਮ੍ਰਿਤਕ ਕਾਮਰੇਡ ਬਲਵਿੰਦਰ ਸਿੰਘ ਦੇ ਰਿਵਾਰ ਨੇ ਇਹ ਕਹਿ ਕੇ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਪੱਕੀ ਸਕਿਓਰਿਟੀ ਨਹੀਂ ਦਿੱਤੀ ਜਾਂਦੀ ਤੇ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਬਲਵਿੰਦਰ ਸਿੰਘ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਪਰਿਵਾਰ ਦੀ ਇਸ ਮੰਗ ਨੂੰ ਮੰਨਦਿਆਂ ਉਨ੍ਹਾਂ ਨੂੰ ਸਕਿਓਰਿਟੀ ਮੁਹੱਈਆ ਕਰਵਾ ਦਿੱਤੀ ਗਈ। ਇਥੇ ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਪਾਸੋਂ ਸਕਿਓਰਿਟੀ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਜਿਸ ਕਾਰਨ ਹੁਣ ਲਗਾਤਾਰ ਪਰਿਵਾਰਕ ਮੈਂਬਰ ਵੱਲੋਂ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਚੁੱਕੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਕਾਮਰੇਡ ਬਲਵਿੰਦਰ ਸਿੰਘ ਨੇ ਅੱਤਵਾਦ ਦੇ ਦੌਰ ਵਿੱਚ ਅੱਤਵਾਦੀਆਂ ਦਾ ਪੂਰੀ ਬਹਾਦੁਰੀ ਨਾਲ ਮੁਕਾਬਲਾ ਕੀਤਾ ਸੀ। ਉਨ੍ਹਾਂ ਦੇ ਜੀਵਨ ‘ਤੇ ਕਈ ਟੈਲੀ ਫਿਲਮਾਂ ਵੀ ਬਣੀਆਂ ਸਨ। ਦੱਸ ਦੇਈਏ ਕਿ ਬੀਤੇ ਦਿਨ ਸਵੇਰੇ ਸੱਤ ਵਜੇ ਦੇ ਕਰੀਬ ਕਾਮਰੇਡ ਬਲਵਿੰਦਰ ਸਿੰਘ ਦੇ ਘਰ ਵਿੱਚ ਦਾਖਲ ਹੋਏ ਅਤੇ ਉਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਮਰੇਡ ਬਲਵਿੰਦਰ ਬਹਾਦੁਰੀ ਪੁਰਸਕਾਰ ਜੇਤੂ ਸਨ। ਪਰਿਵਾਰ ਨੂੰ ਸ਼ੱਕ ਹੈ ਕਿ ਇਹ ਹਮਲਾ ਅੱਤਵਾਦੀ ਹੋ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਦੀ ਜਾਂਚ ਲਈ SIT ਨੂੰ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਦੋਸ਼ੀ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।