Corona killed 4 : ਕੋਰੋਨਾ ਦੀ ਦੂਜੀ ਲਹਿਰ ਬਹੁਤ ਹੀ ਘਾਤਕ ਸਾਬਤ ਹੋ ਰਹੀ ਹੈ। ਸੰਗਰੂਰ ਦੇ ਪਿੰਡ ਤਕੀਪੁਰ ਵਿਖੇ ਬਹੁਤ ਹੀ ਦੁਖਦ ਖਬਰ ਸਾਹਮਣੇ ਆਈ ਹੈ ਜਿਥੇ ਇੱਕ ਹਫਤੇ ਵਿਚ ਕੋਰੋਨਾ ਨਾਲ ਇੱਕੋ ਹੀ ਪਰਿਵਾਰ ਦੇ 4 ਜੀਅ ਕੋਰੋਨਾ ਦੀ ਭੇਟ ਚੜ੍ਹ ਗਏ। ਪਿੰਡ ਤਕੀਪੁਰ ਦੇ ਸਾਬਕਾ ਸਰਪੰਚ ਤਰਲੋਕ ਸਿੰਘ, ਉਨ੍ਹਾਂ ਦੇ ਦੋ ਸਪੁੱਤਰ ਅਤੇ ਇਕ ਧੀ ਕੋਰੋਨਾ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ। ਹਫਤੇ ਵਿਚ 4 ਮੌਤਾਂ ਹੋਣ ਕਾਰਨ ਪਿੰਡ ਦੇ ਲੋਕ ਵਿਚ ਦਹਿਸ਼ਤ ਪਾਈ ਜਾ ਰਹੀ ਹੈ ਤੇ ਉਹ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ।
ਸਭ ਤੋਂ ਪਹਿਲਾਂ ਤਰਲੋਕ ਸਿੰਘ ਦੀ ਧੀ ਸੁਖੀ (55) ਪਿੰਡ ਸੈਦੋਵਾਲ ਕੋਰੋਨਾ ਪਾਜੀਟਿਵ ਪਾਈ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ 4 ਮਈ ਨੂੰ ਸਾਬਕਾ ਸਰਪੰਚ ਤਰਲੋਕ ਸਿੰਘ ਵੀ ਦੁਨੀਆ ਨੂੰ ਅਲਵਿਦਾ ਕਹਿ ਗੇ। ਇਸ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਪੁੱਤਰ ਹਰਪਾਲ ਸਿੰਘ ਲਾਡੀ (47) ਅਤੇ ਜਸਪਾਲ ਸਿੰਘ ਜੱਸਾ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਆਈ ਅਤੇ ਦੋਵਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਪਰ ਉਥੇ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ 7 ਮਈ ਨੂੰ ਹਰਪਾਲ ਸਿੰਘ ਤੇ 8 ਮਈ ਨੂੰ ਜਸਪਾਲ ਸਿੰਘ ਦੀ ਮੌਤ ਹੋ ਗਈ।
ਤਰਲੋਕ ਸਿੰਘ ਕੋਲ 80 ਕਿੱਲੇ ਜ਼ਮੀਨ ਸੀ ਤੇ ਉਹ ਆਪਣੇ ਪਰਿਵਾਰ ਨਾਲ ਹੱਸ-ਖੇਡ ਦੇ ਦਿਨ ਬਿਤਾ ਰਿਹਾ ਸੀ ਪਰ ਕੋਰੋਨਾ ਨੇ ਪਰਿਵਾਰ ਕੋਲੋਂ ਸਾਰੀਆਂ ਖੁਸ਼ੀਆਂ ਖੋਹ ਲਈਆਂ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸੇ ਪਿੰਡ ਦੇ ਲਗਭਗ ਅੱਧੇ ਦਰਜਨ ਹੋਰ ਲੋਕ ਕੋਰੋਨਾ ਕਾਰਨ ਦਮ ਤੋੜ ਚੁੱਕੇ ਹਨ। ਦੋ ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ।
ਬਲਾਕ ਲੌਂਗੋਵਾਲ ‘ਚ ਹੁਣ ਤੱਕ ਕੋਰੋਨਾ ਨਾਲ ਲਗਭਗ 90 ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿਚੋਂ 30 ਮੌਤਾਂ ਪਿਛਲੇ 15 ਦਿਨਾਂ ਵਿਚ ਹੀ ਹੋਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅੰਜੂ ਸਿੰਗਲਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਵਧਾਨੀ ਵਰਤਣ ਅਤੇ ਜੇਕਰ ਉਨ੍ਹਾਂ ਦੇ ਕੋਰੋਨਾ ਦੇ ਹਲਕੇ ਜਿਹੇ ਲੱਛਣ ਵੀ ਦਿਖਾਈ ਦਿੰਦੇ ਹਨ ਤਾਂ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਥਾਂ-ਥਾਂ ‘ਤੇ ਵੈਕਸੀਨੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਲੋਕਾਂ ਨੂੰ ਜਲਦ ਤੋਂ ਜਲਦ ਕੋਰੋਨਾ ਟੀਕਾ ਲਗਵਾਉਣਾ ਚਾਹੀਦਾ ਹੈ।